ਹੁਸ਼ਿਆਰਪੁਰ 28 ਫਰਵਰੀ ,ਬੋਲੇ ਪੰਜਾਬ ਬਿਊਰੋ :
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਵਿਖੇ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।ਦੱਸ ਦੇਈਏ ਕਿ ਐਸਜੀਪੀਸੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੇ ਘਰ ਅਲੱਗ-ਅਲੱਗ ਅਕਾਲੀ ਆਗੂ ਅਤੇ ਧਾਰਮਿਕ ਆਗੂ ਪਹੁੰਚ ਰਹੇ ਹਨ। ਉੱਥੇ ਹੀ ਅੱਜ ਹਰਜਿੰਦਰ ਸਿੰਘ ਧਾਮੀ ਦੇ ਘਰ ਜਥੇਦਾਰ ਅਕਾਲ ਤਖ਼ਤ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੇ ਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਦੀ ਮੁਲਾਕਾਤ ਇੱਕ ਘੰਟੇ ਤੋਂ ਵੱਧ ਚੱਲੀ। ਇਸ ਮੀਟਿੰਗ ਤੋਂ ਬਾਅਦ ਜਿਵੇਂ ਹੀ ਜਥੇਦਾਰ ਸਾਹਿਬ ਬਾਹਰ ਆਏ ਤਾਂ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦਿੰਦੇ ਉਨ੍ਹਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਦੇ ਘਰ ਪੋਤਰੇ ਨੇ ਜਨਮ ਲਿਆ ਹੈ ਤੇ ਉਸ ਸਬੰਧੀ ਅੱਜ ਉਹ ਹਰਜਿੰਦਰ ਸਿੰਘ ਧਾਮੀ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਪਹੁੰਚੇ ਸਨ।ਅਸਤੀਫ਼ੇ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਬੜੇ ਹੀ ਸੱਚੀ ਅਤੇ ਸੁੱਚੀ ਸ਼ਖਸ਼ੀਅਤ ਹਨ ਅਤੇ ਅਜਿਹੇ ਗੁਰਸਿੱਖ ਦੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕੌਮ ਨੂੰ ਸਦਾ ਹੀ ਲੋੜ ਰਹਿੰਦੀ ਹੈ। ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੂੰ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਸਤੀਫ਼ੇ ’ਤੇ ਇੱਕ ਵਾਰ ਫਿਰ ਤੋਂ ਮੁੜ ਵਿਚਾਰ ਕਰਨ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਜਾ ਰਹੇ ਬਿਆਨਾਂ ’ਤੇ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਉਹ ਆਜ਼ਾਦ ਹਨ ਉਹ ਬਿਆਨ ਦੇ ਸਕਦੇ ਹਨ।