ਚੰਡੀਗੜ੍ਹ: 27 ਫਰਵਰੀ, ਬੋਲੇ ਪੰਜਾਬ ਬਿਊਰੋ :
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ’ਤੇ ਭਵਾਨੀਗੜ੍ਹ ਦੇ ਟਰੱਕ ਯੂਨੀਅਨ ਆਗੂ ਮਨਜੀਤ ਸਿੰਘ ਕਾਕਾ ਫੱਗੂਵਾਲਾ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਲਈ ਉਸ ਖਿਲਾਫ ਫੌਜਦਾਰੀ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਭਰਾਜ ’ਤੇ ਇਲਜ਼ਾਮ ਲਾਇਆ ਹੈ ਕਿ ਉਸ ਨੇ ਮਨਜੀਤ ਸਿੰਘ ਕਾਕਾ ਦਾ ਦਾਅਵਾ ਦਰਕਿਨਾਰ ਕਰ 55 ਲੱਖ ਰੁਪਏ ਦੀ ਬੋਲੀ ਲਗਾਉਣ ਵਾਲੇ ਨੂੰ ਟਰੱਕ ਯੂਨੀਅਨ ਪ੍ਰਧਾਨ ਦਾ ਅਹੁਦਾ ਵੇਚ ਦਿੱਤਾ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸੰਗਰੂਰ ਹਲਕੇ ਵਿਧਾਇਕ ਨਰਿੰਦਰ ਭਰਾਜ ਨੇ ਕਿਹਾ ਹੈ ਕਿ ਉਨ੍ਹਾਂ ਦਾ ਰਿਸ਼ਵਤ ਮਾਮਲੇ ਨਾਲ ਕੋਈ ਸੰਬੰਧ ਨਹੀਂ। ਜਿਹੜੇ ਵਿਅਕਤੀਆਂ ਬਾਰੇ 30 ਲੱਖ ਰੁਪਏ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਾਫੀ ਸਮਾਂ ਪਹਿਲਾਂ ਸਾਡੇ ਸੰਪਰਕ ‘ਚ ਸੀ ਪਰ ਕਾਫੀ ਸਮੇਂ ਤੋਂ ਉਸਦਾ ਸਾਡੇ ਨਾਲ ਕੋਈ ਸੰਬੰਧ ਨਹੀਂ। ਉਨ੍ਹਾ ਕਿਹਾ ਕਿ ਮੈਂ ਐਸ ਐੱਸ ਪੀ ਨੂੰ ਵੀ ਉਨ੍ਹਾਂ ਦੀ ਜਾਂਚ ਕਰਨ ਲਈ ਕਹਿ ਦਿੱਤਾ ਹੈ।ਉੱਧਰ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ 2022 ਵਿਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਤਾਂ ਉਸ ਵੇਲੇ ਭਵਾਨੀਗੜ੍ਹ ਦੇ ਟਰੱਕ ਅਪਰੇਟਰਾਂ ਨੇ ਯੂਨੀਅਨ ਦੇ ਅਹੁਦੇ ਵੇਚੇ ਜਾਣ ਖਿਲਾਫ ਵਿਆਪਕ ਰੋਸ ਪ੍ਰਦਰਸ਼ਨ ਕੀਤੇ ਸਨ। ਉਹਨਾਂ ਕਿਹਾ ਕਿ ਉਦੋਂ ਇਹ ਫੈਸਲਾ ਹੋਇਆ ਸੀ ਕਿ ਪੰਜ ਸਾਲ ਦੀ ਮਿਆਦ ਵਾਸਤੇ ਪੰਜ ਪ੍ਰਧਾਨ ਚੁਣ ਲਏ ਜਾਣ ਜੋ ਇਕ-ਇਕ ਸਾਲ ਪ੍ਰਧਾਨ ਰਹਿਣਗੇ। ਉਹਨਾਂ ਕਿਹਾ ਕਿ ਤੀਜੇ ਸਾਲ ਯਾਨੀ 2025 ਵਿਚ ਮਨਜੀਤ ਸਿੰਘ ਕਾਕਾ ਫੱਗੂਵਾਲ ਦੇ ਪ੍ਰਧਾਨ ਬਣਨ ਦੀ ਵਾਰੀ ਸੀ ਤੇ ਇਸ ਵਾਸਤੇ ਉਸਨੇ ਭਰਾਜ ਨੂੰ 30 ਲੱਖ ਰੁਪਏ ਵੀ ਦਿੱਤੇ ਸਨ। ਉਹਨਾਂ ਕਿਹਾ ਕਿ ਐਨ ਮੌਕੇ ’ਤੇ ਇਕ ਹੋਰ ਦਾਅਵੇਦਾਰ ਨੇ ਭਰਾਜ ਨੂੰ ਪ੍ਰਧਾਨ ਦੇ ਅਹੁਦੇ ਵਾਸਤੇ 55 ਲੱਖ ਰੁਪਏ ਦੇ ਦਿੱਤੇ ਤਾਂ ਭਰਾਜ ਨੇ ਉਸਨੂੰ ਪ੍ਰਧਾਨ ਬਣਾ ਦਿੱਤਾ ਉਹਨਾਂ ਕਿਹਾ ਕਿ ਭਰਾਜ ਦੀ ਇਸ ਕਾਰਵਾਈ ਤੋਂ ਪ੍ਰੇਸ਼ਾਨ ਹੋਏ ਮਨਜੀਤ ਸਿੰਘ ਕਾਕਾ ਫੱਗੂਵਾਲਾ ਨੇ ਜ਼ਹਿਰ ਨਿਗਲ ਲਿਆ ਤੇ ਹੁਣ ਉਹ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਿਸ ਕਰਕੇ ਮਨਜੀਤ ਸਿੰਘ ਕਾਕਾ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਦੀ ਜ਼ਿੰਮੇਵਾਰ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਹੈ । ਉਨ੍ਹਾਂ ਮੰਗ ਕੀਤੀ ਕਿ ਨਰਿੰਦਰ ਕੌਰ ਭਰਾਜ ਖਿਲਾਫ਼ ਸਖ਼ਤ ਕਾਰਵਾਈ ਹੋਵੇ ਤੇ ਉਸ ਦੀ ਵਿਧਾਇਕਾ ਵਜੋਂ ਮਾਨਤਾ ਨੂੰ ਰੱਦ ਕੀਤਾ ਜਾਵੇ ।ਦੂਜੇ ਪਾਸੇ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੈਂ ਐਸ ਐਸ ਪੀ ਸੰਗਰੂਰ ਨੂੰ ਕਿਹਾ ਹੈ ਕਿ ਪੈਸੇ ਲੈਣ ਅਤੇ ਦੇਣ ਵਾਲਾ ਦੋਵੇਂ ਦੋਸ਼ੀ ਹਨ ਅਤੇ ਉਨ੍ਹਾਂ ਦੋਵਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।