ਵਿਧਾਇਕ ਸੁੱਖੀ, ਵਾਈਸ ਚੇਅਰਮੈਨ ਸਰਹਾਲ ਤੇ ਮਹਿਲਾ ਆਗੂ ਲੋਹਟੀਆਂ ਨੇ ਕੀਤਾ ਉਦਘਾਟਨ
ਮੀਂਹ ਕਾਰਨ ਕੁਸ਼ਤੀ ਮੁਕਾਬਲੇ ਮੁਕੰਦਪੁਰ ਕਾਲਜ ਵਿਖੇ ਸ਼ੁਰੂ, ਕਬੱਡੀ ਆਲ ਓਪਨ ਮੁਕਾਬਲੇ ਅੱਗੇ ਪਾਏ
ਹਕੀਮਪੁਰ (ਨਵਾਂਸ਼ਹਿਰ), 27 ਫਰਵਰੀ,ਬੋਲੇ ਪੰਜਾਬ ਬਿਊਰੋ :
ਦੋਆਬੇ ਦੀ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਹਕੀਮਪੁਰ ਦੀਆਂ 28ਵੀਆਂ ਪੁਰੇਵਾਲ ਖੇਡਾਂ ਅੱਜ ਸ਼ੁਰੂ ਹੋ ਗਈਆਂ। ਪੁਰੇਵਾਲ ਭਰਾਵਾਂ ਤੇ ਪੁਰੇਵਾਲ ਸਪੋਰਟਸ ਕਲੱਬ ਵੱਲੋਂ ਪਿਛਲੇ ਤਿੰਨ ਦਹਾਕੇ ਤੋਂ ਨਿਰੰਤਰ ਕਰਵਾਈਆਂ ਜਾਂਦੀਆਂ ਖੇਡਾਂ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਜਗਤਪੁਰ-ਹਕੀਮਪੁਰ ਵਿਖੇ ਸ਼ੁਰੂ ਹੋਈਆਂ ਜਿੱਥੇ ਕਬੱਡੀ ਦੇ ਛੋਟੇ ਉਮਰ ਵਰਗ, ਕੁਸ਼ਤੀ ਤੇ ਅਥਲੈਟਿਕਸ ਦੇ ਮੁਕਾਬਲਿਆਂ ਨਾਲ ਖੇਡਾਂ ਦਾ ਆਗਾਜ਼ ਹੋਇਆ।
ਮੀਂਹ ਦੇ ਬਾਵਜੂਦ ਪ੍ਰਬੰਧਕਾਂ ਤੇ ਖਿਡਾਰੀਆਂ ਦਾ ਜੋਸ਼ ਠੰਢਾ ਨਾ ਪਿਆ ਅਤੇ ਕੁਸ਼ਤੀ ਮੁਕਾਬਲੇ ਜਗਤਪੁਰ ਤੋਂ ਤਬਦੀਲ ਕਰ ਕੇ ਅਮਰਦੀਪ ਸ਼ੇਰਗਿੱਲ ਯਾਦਗਾਰੀ ਕਾਲਜ ਮੁਕੰਦਪੁਰ ਦੇ ਇੰਡੋਰ ਮਲਟੀਪਰਪਜ਼ ਹਾਲ ਵਿਖੇ ਕਰਵਾਏ ਗਏ। ਇੰਡੋਰ ਹਾਲ ਵਿੱਚ ਕੁਸ਼ਤੀ ਦੇ ਪੰਜਾਬ ਕੁਮਾਰ, ਸਤਾਰ ਏ ਹਿੰਦ ਤੇ ਮਹਾਂਭਾਰਤ ਕੁਮਾਰੀ ਦੇ ਟਾਈਟਲ ਲਈ ਮੁਕਾਬਲੇ ਕਰਵਾਏ। ਲੱਖਾਂ ਰੁਪਏ ਦੇ ਇਨਾਮ ਵਾਲੇ ਕੁਸ਼ਤੀ ਦੇ ਸੱਤ ਟਾਈਟਲਾਂ ਲਈ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਕੈਨੇਡਾ ਤੇ ਇਰਾਨ ਤੋਂ ਪਹਿਲਵਾਨ ਆਏ ਹਨ। ਮੀਂਹ ਕਾਰਨ ਕਬੱਡੀ ਦੇ ਆਲ ਓਪਨ ਮੁਕਾਬਲੇ ਇਕ ਵਾਰ ਮੁਲਤਵੀ ਕਰਦਿਆਂ ਅੱਗੇ ਕਰਵਾਉਣ ਦਾ ਫੈਸਲਾ ਕੀਤਾ ਜਿਸ ਦੀ ਤਰੀਕ ਬਾਅਦ ਵਿੱਚ ਐਲਾਨੀ ਜਾਵੇਗੀ।

ਇਸ ਤੋਂ ਪਹਿਲਾਂ 28ਵੀਆਂ ਪੁਰੇਵਾਲ ਖੇਡਾਂ ਦਾ ਉਦਘਾਟਨ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਬੰਗਾ ਤੋਂ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ, ਪੰਜਾਬ ਜਲ ਸਰੋਤ ਪ੍ਰਬੰਧਕੀ ਤੇ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਅਤੇ ਆਪ ਦੀ ਮਹਿਲਾ ਆਗੂ ਹਰਜੋਤ ਕੌਰ ਲੋਹਟੀਆਂ ਨੇ ਕੀਤਾ।
ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਪੁਰੇਵਾਲ ਪਰਿਵਾਰ ਵੱਲੋਂ ਲੰਬੇ ਸਮੇਂ ਤੋਂ ਖੇਡਾਂ ਦੇ ਖੇਤਰ ਵਿੱਚ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ। ਇਨ੍ਹਾਂ ਉਪਰਾਲਿਆਂ ਨਾਲ ਪੰਜਾਬ ਮੁੜ ਦੇਸ਼ ਦਾ ਖੇਡਾਂ ਵਿੱਚ ਨੰਬਰ ਇਕ ਸੂਬਾ ਬਣੇਗਾ। ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਨਵੀਂ ਖੇਡ ਨੀਤੀ ਬਣਾਈ ਗਈ ਹੈ।
ਖੇਡਾਂ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਜੇਤੂਆਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਟਰਾਫੀਆਂ, ਗੁਰਜਾਂ ਤੇ ਬਦਾਮਾਂ ਨਾਲ ਸਨਮਾਨਤ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਵਿੱਚ ਜਗਤਪੁਰ ਸਟੇਡੀਅਮ ਵਿਖੇ ਕਬੱਡੀ ਵਿੱਚ ਅੰਡਰ 15, 17 ਤੇ 21 ਦੇ ਮੁਕਾਬਲੇ ਸ਼ੁਰੂ ਹੋਏ। ਅਥਲੈਟਿਕਸ ਵਿੱਚ 100 ਮੀਟਰ, 400 ਮੀਟਰ, 800 ਮੀਟਰ ਤੇ 1500 ਮੀਟਰ ਦੇ ਮੁਕਾਬਲੇ ਕਰਵਾਏ ਗਏ।
ਸਵ. ਹਰਬੰਸ ਸਿੰਘ ਪੁਰੇਵਾਲ ਤੇ ਸਵ. ਮਲਕੀਤ ਸਿੰਘ ਪੁਰੇਵਾਲ ਦੀ ਯਾਦ ਵਿੱਚ ਕਰਵਾਈਆਂ ਜਾਂਦੀਆਂ ਪੁਰੇਵਾਲ ਖੇਡਾਂ ਇਸ ਵਾਰ ਸਵ. ਹਰਨੰਦਨ ਸਿੰਘ ਕਾਨੂ ਸਹੋਤਾ, ਸਵ. ਮੱਖਣ ਸਿੰਘ ਟਿਮਾਣਾ, ਸਵ. ਲਾਲੀ ਢੇਸੀ ਤੇ ਸਵ. ਰਵੀ ਸੋਢੀ ਨੂੰ ਸਮਰਪਿਤ ਹੋਣਗੀਆਂ।
ਇਸ ਮੌਕੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਗੁਰਚਰਨ ਸਿੰਘ ਸ਼ੇਰਗਿੱਲ, ਪ੍ਰਸਿੱਧ ਖੇਡ ਕੁਮੈਂਟੇਰਰ ਪ੍ਰੋ ਮੱਖਣ ਸਿੰਘ ਹਕੀਮਪੁਰ, ਕੁਲਤਾਰ ਸਿੰਘ, ਮਾਸਟਰ ਜੋਗਾ ਸਿੰਘ, ਰਾਜੀਵ ਸ਼ਰਮਾ, ਅਵਤਾਰ ਸਿੰਘ ਪੁਰੇਵਾਲ, ਲਹਿੰਬਰ ਸਿੰਘ ਪੁਰੇਵਾਲ, ਕੁਲਦੀਪ ਸਿੰਘ ਪੁਰੇਵਾਲ, ਨਛੱਤਰ ਸਿੰਘ ਬੈਂਸ, ਹਰਅਵਤਾਰ ਸਿੰਘ, ਹਰਮੇਸ਼ ਸਿੰਘ ਸੰਗਰ, ਰਵਿੰਦਰ ਸਿੰਘ ਚਹਿਲ, ਕਮਲ ਆਦਿ ਹਾਜ਼ਰ ਸਨ।
——