ਪਟਨਾ, 27 ਫਰਵਰੀ,ਬੋਲੇ ਪੰਜਾਬ ਬਿਊਰੋ :
ਪਟਨਾ ਵਿਖੇ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਦੌਰਾਨ ਇੱਕ ਨਾਬਾਲਿਗ ਸਮੇਤ ਚਾਰ ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਲਾਪਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਪਮੰਡਲ ਪੁਲਿਸ ਅਧਿਕਾਰੀ (SDPO), (ਪਟਨਾ ਨਗਰ 2) ਸ਼੍ਰੀ ਪ੍ਰਕਾਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਰਜਨੀਸ਼ ਕੁਮਾਰ (23), ਅਭਿਸ਼ੇਕ ਕੁਮਾਰ (22), ਵਿਸ਼ਾਲ (22) ਅਤੇ ਗੋਵਿੰਦ (16) ਵਜੋਂ ਹੋਈ ਹੈ।
ਲਾਪਤਾ ਲੜਕੇ ਦੀ ਪਹਿਚਾਣ ਮੋਹੰਮਦ ਰਹਾਨ (13) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਦੁਪਹਿਰ ਦੇ ਸਮੇਂ ਵਾਪਰੀ, ਜਦੋਂ ਦੋ ਨਾਬਾਲਿਗ ਲੜਕਿਆਂ ਸਮੇਤ ਪੰਜ ਵਿਅਕਤੀ ਗਾਂਧੀ ਮੈਦਾਨ ਥਾਣੇ ਹੇਠ ਆਉਂਦੇ ਕਲੈਕਟਰੇਟ ਘਾਟ ’ਤੇ ਗੰਗਾ ਨਦੀ ਵਿੱਚ ਇਸ਼ਨਾਨ ਕਰ ਰਹੇ ਸਨ।ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ, ਉਹ ਅਚਾਨਕ ਡੂੰਘੇ ਪਾਣੀ ਵਿੱਚ ਫਿਸਲ ਗਏ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ SDRF ਜਵਾਨਾਂ ਦੇ ਨਾਲ ਮੌਕੇ ’ਤੇ ਪਹੁੰਚੀ ਅਤੇ ਬਚਾਅ ਅਭਿਆਨ ਸ਼ੁਰੂ ਕੀਤਾ। SDRF ਦੇ ਜਵਾਨਾਂ ਨੇ ਇੱਕ ਨਾਬਾਲਿਗ ਲੜਕੇ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ । ਇੱਕ ਨਾਬਾਲਿਗ ਲੜਕਾ ਹਾਲੇ ਵੀ ਲਾਪਤਾ ਹੈ।SDPO ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
