ਮਖੂ, 27 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪਿੰਡ ਮੰਡ ਵਾਲਾ ਦੇ ਇੱਕ ਨੌਜਵਾਨ ਨੂੰ ਕੈਨੇਡਾ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਮਖੂ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ 420 ਅਤੇ 120-ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ।
ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਜੰਗੀਰ ਸਿੰਘ, ਵਾਸੀ ਮੰਡ ਵਾਲਾ ਨੇ ਪੁਲਿਸ ਦੇ ਅੱਗੇ ਦਰਖ਼ਾਸਤ ਦਾਇਰ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਹਰਦੇਵ ਸਿੰਘ, ਕਮਲਜੀਤ ਕੌਰ, ਵੀਰਪਾਲ ਕੌਰ, ਪਰਮਿੰਦਰ ਕੌਰ, ਹਰਦੀਪ ਸਿੰਘ (ਸਾਰੇ ਵਾਸੀ ਬਾਘਾ ਪੁਰਾਣਾ, ਮੋਗਾ) ਅਤੇ ਸੰਦੀਪ ਕੌਰ (ਹਾਲ ਕੈਨੇਡਾ) ਨੇ ਮਿਲੀਭਗਤ ਕਰਕੇ ਉਸ ਦੇ ਪੁੱਤਰ ਸੁਖਵਿੰਦਰ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 30 ਲੱਖ ਰੁਪਏ ਠੱਗ ਲਏ।
ਸ਼ਿਕਾਇਤਕਰਤਾ ਮੁਤਾਬਕ, ਮੁਲਜ਼ਮਾਂ ਨੇ 15 ਲੱਖ ਰੁਪਏ ਹੋਰ ਮੰਗੇ, ਇਹ ਦੱਸਦੇ ਹੋਏ ਕਿ ਇਹ ਰਕਮ ਸੁਖਵਿੰਦਰ ਸਿੰਘ ਦਾ ਵਰਕ ਪਰਮਿਟ ਵਧਾਉਣ ਲਈ ਚਾਹੀਦੀ ਹੈ। ਪੁਲਿਸ ਨੇ ਪੜਤਾਲ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅਗਾਮੀ ਕਾਰਵਾਈ ਜਾਰੀ ਹੈ।
