ਕੇਂਦਰ ਸਰਕਾਰ ਦਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰਾ ਫੇਰ ਬੇਨਕਾਬ ਹੋਇਆ : ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 26 ਫਰਵਰੀ, ਬੋਲੇ ਪੰਜਾਬ ਬਿਊਰੋ :
ਸੀਬੀਐਸਈ ਵੱਲੋਂ ਜਾਰੀ ਕੀਤੇ ਗਏ 10ਵੀਂ ਕਲਾਸ ਇਮਤਿਹਾਨ ਦੇ ਨਵੇਂ ਪੈਟਰਨ ਵਿੱਚੋਂ ਪੰਜਾਬੀ ਨੂੰ ਅਣਗੌਲਿਆ ਗਿਆ ਗਿਆ ਹੈ। ਨਵੇਂ ਜਾਰੀ ਕੀਤੇ ਗਏ ਪੈਟਰਨ ਵਿੱਚ ਪੰਜਾਬੀ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੈਟਰਨ ਨੂੰ ਲੈ ਕੇ ਕੇਂਦਰ ਸਰਕਾਰ ਉਤੇ ਤਿੱਖਾ ਹਮਲਾ ਕੀਤਾ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰਾ ਇੱਕ ਵਾਰ ਫੇਰ ਬੇਨਕਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਐਸ.ਈ. ਵੱਲੋਂ 10ਵੀਂ ਜਮਾਤ ਲਈ ਇਮਤਿਹਾਨ ਦੇ ਨਵੇਂ ਪੈਟਰਨ ਵਿੱਚ ਪੰਜਾਬੀ ਨੂੰ ਬਿਲਕੁਲ ਅਣਗੌਲਿਆ ਗਿਆ ਹੈ। ਇਹ ਦੇਸ਼ ਦੇ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ ਹੈ। ਅਸੀਂ ਇਸ ਕਦਮ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬੀ ਦਾ ਬਣਦਾ ਸਥਾਨ ਤੇ ਸਨਮਾਨ ਤੁਰੰਤ ਬਹਾਲ ਕੀਤਾ ਜਾਵੇ।