ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ ‘ਚੋਂ ਤਿੰਨ ਵਿਦੇਸ਼ੀ ਪਿਸਤੌਲ, 20 ਜ਼ਿੰਦਾ ਕਾਰਤੂਸ, ਦੋ ਮੈਗਜ਼ੀਨ ਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ
ਐਸਐਸਪੀ ਅਖਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਟੀਮ ਫਿਰੋਜ਼ਪੁਰ ਰੋਡ ‘ਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਰੋਕਿਆ ਤੇ ਉਨ੍ਹਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਇਕ ਨੌਜਵਾਨ ਕੋਲੋਂ ਇਕ ਪਿਸਤੌਲ ਤੇ 10 ਕਾਰਤੂਸ ਬਰਾਮਦ ਹੋਏ। ਦੂਜੇ ਨੌਜਵਾਨ ਦੇ ਬੈਗ ‘ਚੋਂ ਦੋ ਪਿਸਤੌਲ, 10 ਕਾਰਤੂਸ ਤੇ ਇਕ ਮੋਬਾਈਲ ਫੋਨ ਮਿਲਿਆ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ‘ਚ ਆਸਟ੍ਰੀਆ ਦੇ ਬਣੇ GLOCK 9mm ਤੇ ਚੀਨੀ PX5 Storm ਅਤੇ PX3 ਮਾਡਲ ਦੇ ਪਿਸਤੌਲ ਸ਼ਾਮਲ ਹਨ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਉਰਫ਼ ਲੱਬਾ (21), ਪੁੱਤਰ ਜੰਡ ਸਿੰਘ, ਨਿਵਾਸੀ ਲੇਨ ਨੰਬਰ 9, ਕੋਟਲੀ ਰੋਡ, ਮੁਕਤਸਰ ਅਤੇ ਰਵੀ ਕੁਮਾਰ (25), ਪੁੱਤਰ ਨੱਥੂ ਰਾਮ, ਨਿਵਾਸੀ ਲੇਨ ਨੰਬਰ 2, ਗਾਂਧੀ ਨਗਰ ਵਜੋਂ ਹੋਈ ਹੈ। ਸਦਰ ਮੁਕਤਸਰ ਥਾਣੇ ਨੇ ਦੋਵਾਂ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
