–
ਪੰਜਾਬ ਅੰਦਰ ਵੱਖ ਵੱਖ ਕਲਾਸਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ।ਮਾਣਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਕਲ ਨੂੰ ਨਕੇਲ ਪਾਉਣ ਵਾਸਤੇ 278 ਉੱਡਣ ਦਸਤੇ ਬਣਾਏ ਗਏ ਹਨ ਤਾਂ ਜੋ ਨਕਲ ਨੂੰ ਰੋਕਿਆ ਜਾ ਸਕੇ।ਬੇਸ਼ੱਕ ਇਹ ਇੱਕ ਚੰਗਾ ਉਪਰਾਲਾ ਹੈ।ਪਰ ਇਤਿਹਾਸ ਗਵਾਹ ਹੈ ਕਿ ਨਕਲ ਦੇ ਕੱਚੇ ਕੋਹੜ ਨੂੰ ਰੋਕਣ ਵਾਸਤੇ ਕੇਵਲ ਉੱਡਣ ਦਸਤਿਆਂ ਨਾਲ ਕੰਮ ਨਹੀਂ ਚਲਦਾ।ਭਾਵ ਉੱਡਣ ਦਸਤੇ ਹਰ ਕੇਂਦਰ ਚ ਨਹੀਂ ਪਹੁੰਚ ਸਕਦੇ ।ਕਿਉਂਕਿ 8 ਵੀਂ 10ਵੀਂ ਤੇ 12ਵੀਂ ਤਿੰਨਾ ਕਲਾਸਾਂ ਦੇ 8.82 ਲੱਖ ਵਿਦਿਆਰਥੀ ਪੇਪਰ ਦੇਣ ਵਾਸਤੇ ਪ੍ਰੀਖਿਆ ਦੇ ਰਹੇ ਹਨ। ਇਹ ਉੱਡਣ ਦਸਤੇ ਕੇਵਲ ਕੁਝ ਚੋਣਵੇ ਗਿਣਤੀ ਦੇ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕਰ ਸਕਦੇ ਹਨ।ਇਸ ਲਈ ਨਕਲ ਦਾ ਕੋਹੜ ਰੋਕਣਾ ਹੈ ਤਾਂ ਇਸ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਨਾਲ ਨਾਲ ਮਾਪਿਆਂ ਦਾ ਖੁਦ ਦਾ ਨਕਲ ਰੋਕਣ ਲਈ ਪੱਕਾ ਇਰਾਦਾ ਹੋਣਾ ਜਰੂਰੀ ਹੈ।ਜਿੰਨਾ ਚਿਰ ਇਹ ਤਿੰਨੇ ਕੜੀਆਂ ਨਕਲ ਰੋਕਣ ਵਾਸਤੇ ਸੁਹਿਰਦ ਨਹੀਂ ਹੁੰਦੀਆਂ ਜਾਂ ਨਕਲ ਨੂੰ ਨਕੇਲ ਪਾਉਣ ਵਾਸਤੇ ਤਹਈਆ ਨਹੀਂ ਕਰਦੀਆਂ,ਉਨਾਂ ਸਮਾਂ ਨਕਲ ਨੂੰ ਨਕੇਲ ਪਾਉਣੀ ਅਸੰਭਵ ਹੀ ਨਹੀਂ ਸਗੋਂ ਨਾ ਮੁਮਕਿਨ ਵੀ ਹੈ। ਇਸ ਲਈ ਇਨਾਂ ਤਿੰਨਾਂ ਨੂੰ ਮਾਨਸਿਕ ਤੌਰ ਉੱਤੇ ਤਿਆਰ ਕਰਨ ਦੀ ਲੋੜ ਹੈ।ਜਿਸ ਵਿਚ ਸਭ ਤੋਂ ਪਹਿਲਾਂ ਮਾਪਿਆਂ ਨੂੰ ਸਮਝਣਾ ਪਵੇਗਾ ਕੇ ਨਕਲ ਬੱਚੇ ਨੂੰ ਮਾਨਸਿਕ ਤੌਰ ਤੇ ਨਲਾਇਕ ਹੀ ਨਹੀਂ ਬਣਾਉਂਦੀ ਸਗੋਂ ਉਸਦਾ ਭਵਿੱਖ ਵੀ ਉਜਾੜ ਕੇ ਰੱਖ ਦਿੰਦੀ ਹੈ।ਇਸ ਲਈ ਮਾਪਿਆਂ ਨੂੰ ਸਹੁੰ ਖਾ ਕੇ ਨਕਲ ਖਿਲਾਫ ਖੜਨਾ ਚਾਹੀਦਾ ਹੈ ਤੇ ਬੱਚੇ ਨੂੰ ਸਮਝਾਉਣਾ ਚਾਹੀਦਾ ਹੈ ਕੇ ਨਕਲ ਅਕਲ ਨੂੰ ਮਾਰਦੀ ਹੈ।ਇਸ ਲਈ ਬੱਚੇ ਨੂੰ ਮਿਹਨਤ ਨਾਲ ਪੇਪਰ ਦੀ ਤਿਆਰੀ ਕਰਨ ਵਾਸਤੇ ਪ੍ਰੇਰਣ ਦੀ ਲੋੜ ਹੈ।ਅਗਲੀ ਗੱਲ ਬੱਚੇ ਨੂੰ ਵੀ ਪ੍ਰਣ ਕਰਨਾ ਹੋਵੇਗਾ ਕੇ ਉਹ ਮਿਹਨਤ ਨਾਲ ਪ੍ਰੀਖਿਆ ਦੇਵੇਗਾ ਨਾ ਕਿ ਨਕਲ ਵਰਗੇ ਕੋਹੜ ਦਾ ਸਹਾਰਾ ਲਵੇਗਾ।ਉਸ ਨੂੰ ਨਕਲ ਖਿਲਾਫ ਪਹਿਲੋਂ ਹੀ ਮਾਨਸਿਕ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ।ਨਕਲ ਨੂੰ ਨਕੇਲ ਪਾਉਣ ਚ ਜੇ ਕੋਈ ਸਭ ਤੋਂ ਵੱਡੀ ਤੇ ਅਹਿਮ ਭੂਮਿਕਾ ਨਿਭਾਅ ਸਕਦਾ ਹੈ ਤਾਂ ਉਹ ਹੈ ਖੁਦ ਅਧਿਆਪਕ ।ਮੇਰਾ ਪੱਕਾ ਵਿਸ਼ਵਾਸ਼ ਹੈ ਕੇ ਜੇ ਅਧਿਆਪਕ ਨਕਲ ਦੇ ਖਿਲਾਫ ਡਟ ਕੇ ਖਲੋ ਜਾਵੇ ਤੇ ਪੱਕਾ ਤਹਈਆ ਕਰ ਲਵੇ ਕੇ ਨਾ ਉਹ ਨਕਲ ਕਰਵਾਏਗਾ ਤੇ ਨਾ ਕਿਸੇ ਨੂੰ ਨਕਲ ਦੀ ਇਜ਼ਾਜ਼ਤ ਦੇਵੇਗਾ ।ਤਾਂ ਕੀ ਮਜਾਲ ਹੈ ਕੇ ਨਕਲ ਵਰਗੇ ਕੋਹੜ ਨੂੰ ਜੜੋਂ ਨਾ ਪੁੱਟਿਆ ਜਾ ਸਕੇ।ਅਧਿਆਪਕ ਦੀ ਸਹਿਮਤੀ ਬਿਨਾਂ ਨਕਲ ਅਸੰਭ ਹੈ। ਬਸ ! ਰਲ ਮਿਲ ਕੇ ਅਜਿਹਾ ਮਾਹੌਲ ਸਿਰਜਣ ਦੀ ਲੋੜ ਹੈ।ਜਿੱਥੇ ਨਾ ਕੋਈ ਨਕਲ ਦੀ ਸਿਫਾਰਸ਼ ਕਰੇ ਤੇ ਨਾ ਉੱਡਣ ਦਸਤਿਆਂ ਦੀ ਲੋੜ ਪਵੇ ਤੇ ਵਿਦਿਆਰਥੀ ਦਾ ਸਹੀ ਮੁਲਾਂਕਣ ਹੋਵੇ।ਸੋ ਨਕਲ ਨੂੰ ਨਕੇਲ ਪਾਉਣ ਲਈ ਅਧਿਆਪਕ,ਮਾਪੇ ਤੇ ਵਿਦਿਆਰਥੀ ਦਾ ਇਕ ਜੁਟ ਹੋ ਕੇ ਡਟਣਾ ਜਰੂਰੀ ਹੈ ਤਾਂ ਹੀ ਇਸ ਕੱਚੇ ਕੋਹੜ ਦਾ ਅੰਤ ਹੋ ਸਕਦਾ ਹੈ।
ਲੈਕਚਰਾਰ ਅਜੀਤ ਖੰਨਾ
(ਐਮਏ ਐਮਫਿਲ ਐਮਜੇਐਮਸੀ ਬੀ ਐਡ )
ਮੋਬਾਈਲ:76967-54669