ਚੰਡੀਗੜ੍ਹ, 24 ਫਰਵਰੀ ,ਬੋਲੇ ਪੰਜਾਬ ਬਿਊਰੋ :
ਸੂਬੇ ਵਿੱਚ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਕਰਨ ਦੇ ਮੱਦੇਨਜ਼ਰ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਰਾਸ਼ਟਰੀ ਰੋਗ ਰੋਕਥਾਮ ਕੇਂਦਰ (ਐਨ.ਸੀ.ਡੀ.ਸੀ.), ਨਵੀਂ ਦਿੱਲੀ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਮਾਨਵਾਲਾ ਵਿਖੇ ਇੱਕ ਸੂਬਾਈ ਸ਼ਾਖਾ ਸਥਾਪਿਤ ਕਰਨ ਲਈ ਸਮਝੌਤਾ ਪੱਤਰ ਸਹੀਬੱਧ ਕੀਤਾ।
ਇਹ ਸਮਝੌਤਾ ਪੱਤਰ ਸੋਮਵਾਰ ਨੂੰ ਪੰਜਾਬ ਭਵਨ ਵਿਖੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਪ੍ਰਮੁੱਖ ਸਕੱਤਰ (ਸਿਹਤ) ਕੁਮਾਰ ਰਾਹੁਲ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਭਾਰਤ ਸਰਕਾਰ) ਦੀ ਸੀਨੀਅਰ ਖੇਤਰੀ ਨਿਰਦੇਸ਼ਕ ਡਾ. ਅਮਰਜੀਤ ਕੌਰ ਦਰਮਿਆਨ ਸਹੀਬੱਧ ਕੀਤਾ ਗਿਆ।
ਇਸ ਆਗਾਮੀ ਪ੍ਰੋਜੈਕਟ ਬਾਰੇ ਵੇਰਵੇ ਸਾਂਝੇ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਮਝੌਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਹਿਮ ਪਹਿਲਕਦਮੀ ‘ਸਿਹਤ ਕ੍ਰਾਂਤੀ’ ਦੇ ਨਾਲੋ-ਨਾਲ ਪੰਜਾਬ ਰਾਜ ਨੂੰ ਸਿੱਧੇ ਤੌਰ ’ਤੇ ਲੋੜੀਂਦੀ ਰੋਗ ਰੋਕਥਾਮ ਮੁਹਾਰਤ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ ਤਾਂ ਜੋ ਸਿਹਤ ਸਹੂਲਤਾਂ ਦੇ ਮਿਆਰ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਬਾਦੀ ਵਿੱਚ ਹੋ ਰਹੇ ਨਿਰੰਤਰ ਵਾਧੇ ਦੇ ਨਾਲ-ਨਾਲ ਮੁੜ ਫੈਲਣ ਵਾਲੀਆਂ ਸੰਚਾਰੀ ਅਤੇ ਲਾਗ ਦੀਆਂ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ , ਜਿਸ ਕਾਰਨ ਸਾਡੇ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਅਤੇ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ, ‘‘ ਸਾਡਾ ਮੁੱਖ ਉਦੇਸ਼ ਰੋਗ ਨਿਗਰਾਨ ਪ੍ਰਣਾਲੀ ਨੂੰ ਬਿਹਤਰ ਬਣਾਉਣਾ, ਬਿਮਾਰੀਆਂ ਦੀ ਜਾਂਚ ਸਮਰੱਥਾਵਾਂ ਵਿੱਚ ਸੁਧਾਰ ਕਰਨਾ ਅਤੇ ਹੈਜ਼ਾ ਜਾਂ ਦਸਤ ਵਰਗੀਆਂ ਸੰਚਾਰੀ ਬਿਮਾਰੀਆਂ ਸਮੇਤ ਹੋਰ ਸੰਕਟਾਲੀ ਸਥਿਤੀਆਂ ਨਾਲ ਨਜਿੱਠਣ ਲਈ ਫੌਰੀ ਸਿਹਤ ਸਹੂਲਤਾਂ ਵਿੱਚ ਵਾਧਾ ਕਰਨਾ ਹੈ,’’।
ਇਸ ਸਾਂਝੇ ਉਪਰਾਲੇ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਸਬਕ ਲੈਂਦਿਆਂ, ਇਹ ਪਹਿਲਕਦਮੀ ਪੰਜਾਬ ਨੂੰ ਭਵਿੱਖ ਦੇ ਸਿਹਤ ਸੰਕਟਾਂ ਲਈ ਸੁਚੱਜੇ ਢੰਗ ਨਾਲ ਤਿਆਰ ਕਰਨ ਲਈ ਅਹਿਮ ਕਦਮ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਇਹ ਪ੍ਰੋਜੈਕਟ ਰਾਜ ਨੂੰ ਏਕੀਕ੍ਰਿਤ ਰੋਗ ਨਿਗਰਾਨ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪ੍ਰਕੋਪਾਂ ਅਤੇ ਆਫ਼ਤਾਂ ਲਈ ਤਿਆਰੀਆਂ ਅਤੇ ਫੌਰੀ ਸਿਹਤ ਪ੍ਰਬੰਧਾਂ ਨੂੰ ਵਧਾਉਣ ਵਿੱਚ ਮਦਦ ਕਰੇਗਾ।
ਉਨ੍ਹਾਂ ਕਿਹਾ ਕਿ ਐਨ.ਸੀ.ਡੀ.ਸੀ. ਪੰਜਾਬ ਲੌਜਿਸਟਿਕ ਸਹਾਇਤਾ ਦੇਵੇਗਾ, ਜਿਸ ਵਿੱਚ ਡਾਇਗਨੌਸਟਿਕ ਕਿੱਟਾਂ, ਦਵਾਈਆਂ, ਟੀਕੇ ਅਤੇ ਨਿੱਜੀ ਸੁਰੱਖਿਆ ਉਪਕਰਣਾਂ (ਪੀ.ਪੀ.ਈ.) ਦੀ ਸਟੋਰੇਜ ਅਤੇ ਵੰਡ ਸ਼ਾਮਲ ਹੈ। ਇਸ ਤੋਂ ਇਲਾਵਾ, ਜਨਤਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿਹਤ ਕਰਮਚਾਰੀਆਂ ਦੀ ਕਾਰਜ ਕੁਸ਼ਲਤਾ ਵਧਾਉਣ ਵਿੱਚ ਵੀ ਐਨ.ਸੀ.ਡੀ.ਸੀ. ਸਹਾਇਤਾ ਕਰੇਗਾ। ਇਹ ਸਮਝੌਤਾ ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ਲਈ ਮਹੱਤਵਪੂਰਨ ਅਰਥ ਰੱਖਦਾ ਹੈ,ਇਸ ਤਰ੍ਹਾਂ ਇਹ ਰਾਜ ਵਿੱਚ ਰੋਗ ਰੋਕਥਾਮ ਅਤੇ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਿਆਰੀ ਬਣਾਏਗਾ ਅਤੇ ‘ਰੰਗਲਾ ਪੰਜਾਬ’ ਬਣਾਉਣ ਵਿਚ ਇਸ ਦੀ ਭੂਮਿਕਾ ਅਹਿਮ ਹੋਵੇਗੀ।
ਇਸ ਮੌਕੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਿਪਟੀ ਡਾਇਰੈਕਟਰ ਡਾ. ਰੋਹਿਣੀ, ਸਟੇਟ ਪ੍ਰੋਗਰਾਮ ਅਫਸਰ (ਆਈਡੀਐਸਪੀ) ਡਾ. ਮਨਮੀਤ ਕੌਰ ਚਾਹਲ ਵੀ ਮੌਜੂਦ ਸਨ।