ਚੰਡੀਗੜ੍ਹ, 24 ਫਰਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਸਰਕਾਰ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਸਿਲਸਿਲੇ ਦੇ ਤਹਿਤ ਐਤਵਾਰ ਨੂੰ 12 ਲੋਕਾਂ ਨੂੰ ਡਿਪੋਰਟ ਕੀਤਾ ਗਿਆ, ਜਿਨ੍ਹਾਂ ਵਿੱਚੋਂ ਚਾਰ ਪੰਜਾਬ ਦੇ ਰਹਿਣ ਵਾਲੇ ਹਨ। ਡਿਪੋਰਟ ਕੀਤੇ ਗਏ ਲੋਕਾਂ ਦਾ ਜਹਾਜ਼ ਇਸ ਵਾਰ ਨਵੀਂ ਦਿੱਲੀ ਏਅਰਪੋਰਟ ‘ਤੇ ਉਤਰਿਆ। ਪੰਜਾਬ ਦੇ ਇਹਨਾਂ ਚਾਰਾਂ ਨੌਜਵਾਨਾਂ ਨੇ ਐਤਵਾਰ ਸ਼ਾਮ ਇੰਡੀਗੋ ਦੀ ਉਡਾਣ ਰਾਹੀਂ ਦਿੱਲੀ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕੀਤਾ। ਇੱਥੇ ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਇਹਨਾਂ ਚਾਰਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਵੱਲ ਰਵਾਨਾ ਕਰ ਦਿੱਤਾ ਗਿਆ। ਇਹਨਾਂ ਚਾਰਾਂ ਵਿੱਚੋਂ ਇੱਕ ਗੁਰਦਾਸਪੁਰ, ਇੱਕ ਬਟਾਲਾ, ਇੱਕ ਜਲੰਧਰ ਅਤੇ ਇੱਕ ਪਟਿਆਲਾ ਨਾਲ ਸੰਬੰਧਤ ਹੈ।
ਦੱਸਣਯੋਗ ਹੈ ਕਿ ਇਸ ਵਾਰ ਡਿਪੋਰਟ ਹੋਏ ਇਹਨਾਂ ਭਾਰਤੀਆਂ ਨੂੰ ਅਮਰੀਕਾ ਸਰਕਾਰ ਵੱਲੋਂ ਸੈਨਿਕ ਜਹਾਜ਼ ਦੀ ਬਜਾਏ ਆਮ ਯਾਤਰੀਆਂ ਵਾਲੇ ਜਹਾਜ਼ ਵਿੱਚ ਭੇਜਿਆ ਗਿਆ, ਜੋ ਕਿ ਦਿੱਲੀ ਵਿੱਚ ਲੈਂਡ ਹੋਇਆ। ਦਿੱਲੀ ਵਿੱਚ ਇਮੀਗ੍ਰੇਸ਼ਨ, ਕਸਟਮ ਅਤੇ ਹੋਰ ਜਾਂਚਾਂ ਤੋਂ ਬਾਅਦ ਪੰਜਾਬ ਦੇ ਚਾਰ ਨੌਜਵਾਨਾਂ ਨੂੰ ਇੰਡੀਗੋ ਦੀ ਉਡਾਣ ਰਾਹੀਂ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਕਰਵਾ ਦਿੱਤਾ ਗਿਆ।
