ਜੰਮੂ, 23 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਵੈਸ਼ਨੋ ਦੇਵੀ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੇ ਸ਼ਰਧਾਲੂਆਂ ਦੀ ਇੱਕ ਬੱਸ ਸ਼ਨੀਵਾਰ ਸ਼ਾਮ ਜੰਮੂ ਨੇੜੇ 30 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ’ਚ ਹਿਮਾਚਲ ਦੇ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ 17 ਯਾਤਰੀ ਜ਼ਖ਼ਮੀ ਹੋਏ।
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਾਦਸੇ ’ਤੇ ਸ਼ੋਕ ਜ਼ਾਹਰ ਕਰਦੇ ਹੋਏ ਬਚਾਅ ਟੀਮਾਂ ਦੀ ਤਾਰੀਫ਼ ਕੀਤੀ।
ਅਧਿਕਾਰੀਆਂ ਮੁਤਾਬਕ ਇਹ ਬੱਸ ਦਿੱਲੀ ਜਾ ਰਹੀ ਸੀ। ਜੰਮੂ ਬੱਸ ਸਟੈਂਡ ਤੋਂ 8 ਕਿਮੀ ਦੂਰ ਮੰਡਾ ਨੇੜੇ, ਇੱਕ ਤਿੱਖੇ ਮੋੜ ’ਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ।
ਸੂਚਨਾ ਮਿਲਦਿਆਂ ਹੀ ਬਚਾਅ ਟੀਮਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ। 17 ਜ਼ਖ਼ਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
