ਪੇਪਰ ਸ਼ੁਰੂ ਹੋ ਚੁੱਕੇ ਹਨ।ਬੱਚਿਆਂ ਨੂੰ ਪੇਪਰ ਲਈ ਤਿਆਰ ਕਰਨਾ ਮਾਂ ਪਿਉ ਦਾ ਫਰਜ਼ ਹੈ।ਜੇਕਰ ਮਾਂ ਪਿਉ ਪੇਪਰਾਂ ਦੌਰਾਨ ਬੱਚਿਆਂ ਵੱਲ ਤਵੱਜੋਂ ਨਹੀਂ ਦੇਣਗੇ ਜਾਂ ਅਵੇਸਲੇ ਰਹਿਣਗੇ ਤਾਂ ਚੰਗੇ ਨਤੀਜਿਆਂ ਦੀ ਆਸ ਰੱਖਣਾ ਫ਼ਜ਼ੂਲ ਹੈ।ਇਸ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪ੍ਰੀਖਿਆ ਲਈ ਪੂਰੀ ਕਿੱਟ ਜੋ ਪੇਪਰ ਵਾਸਤੇ ਲੋੜੀਂਦੀ ਹੈ ਜਿਸ ਵਿਚ ਪੈਨ ਤੇ ਰਬੜ ਵਗ਼ੈਰਾ ਹੁੰਦਾ ਹੈ,ਇੱਕ ਦਿਨ ਅਗਾਹੋਂ ਤਿਆਰ ਕਰਕੇ ਰੱਖੋ। ਫਿਰ ਡੇਟਸ਼ੀਟ ਅੱਗੇ ਰੱਖ ਕੇ ਪੂਰੇ ਪੇਪਰਾਂ ਦੀ ਤਿਆਰੀ ਦਾ ਸ਼ੈਡਿਊਲ ਬਣਾਉ।ਉਹ ਸ਼ੈਡਿਊਲ ਔਖੇ ਤੇ ਸੌਖੇ ਪੇਪਰਾਂ ਨੂੰ ਧਿਆਨ ਚ ਰੱਖ ਕੇ ਹੀ ਬਣਾਇਆ ਜਾਵੇ।ਪੇਪਰਾਂ ਦੀ ਸਮਾਂ ਸਾਰਣੀ ਬਣਾਉਣ ਮਗਰੋਂ ਉਸ ਨੂੰ ਆਪਣੇ ਸਟੱਡੀ ਟੇਬਲ ਦੇ ਸਾਹਮਣੇ ਦੀਵਾਰ ਤੇ ਚਿਪਕਾ ਦੇਵੋ ਤੇ ਫਿਰ ਸਮਾਂ ਸਾਰਣੀ ਅਨੁਸਾਰ ਪਹਿਲੇ ਪੇਪਰ ਦੀ ਤਿਆਰੀ ਚ ਜੁਟ ਜਾਓ।ਸਵੇਰੇ ਵਕਤ ਸਿਰ ਉਠਾਉਣਾ ਤੇ ਨਵਾਹ ਧਵਾਹ ਕੇ ਤਿਆਰ ਕਰਨਾ ਤੇ ਫਿਰ ਪੇਪਰ ਲਈ ਮੁੱਖ ਸਵਾਲਾਂ ਦੀ ਰਵੀਜ਼ਨ ਕਰਵਾਉਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ।ਜੇ ਬੱਚਾ ਮੁੱਖ ਸਵਾਲਾਂ ਦੀ ਰਵੀਜ਼ਨ ਕਰਕੇ ਪ੍ਰੀਖਿਆ ਕੇਂਦਰ ਪੁੱਜਦਾ ਹੈ ਤਾਂ ਚੰਗੇ ਨਤੀਜੇ ਆਉਣੇ ਲਾਜ਼ਮੀ ਹਨ।ਬੱਚੇ ਨੂੰ ਸਮੇਂ ਸਿਰ ਪ੍ਰੀਖਿਆ ਕੇਂਦਰ ਭੇਜਣਾ ਜਾਂ ਛੱਡ ਕੇ ਆਉਣਾ ਵੀ ਉਨਾਂ ਹੀ ਜਰੂਰੀ ਹੈ ਜਿਨਾਂ ਰਾਤ ਨੂੰ ਸਟੱਡੀ ਤੇ ਸਵੇਰੇ ਰਵੀਜ਼ਨ ਕਰਵਾਉਣਾ ਜਰੂਰੀ ਹੈ।ਜੇਕਰ ਬੱਚਾ ਪ੍ਰੀਖਿਆ ਕੇਂਦਰ ਦੇਰ ਨਾਲ ਪੁੱਜੇਗਾ ਤਾਂ ਉਹ ਪੇਪਰ ਚੰਗੀ ਤਰਾਂ ਹੱਲ ਨਹੀਂ ਕਰ ਸਕੇਗਾ।ਸਿਖਿਆ ਵਿਭਾਗ ਚ ਹੋਣ ਕਰਕੇ ਮੈਂ ਵੇਖਿਆ ਹੈ ਕੇ ਅਕਸਰ ਕਈ ਵਿਦਿਆਰਥੀ ਪ੍ਰੀਖਿਆ ਕੇਂਦਰ ਚ ਦੇਰ ਨਾਲ ਪੁੱਜਦੇ ਹਨ।ਦੇਰ ਨਾਲ ਪੁੱਜਣ ਸਦਕਾ ਉਹ ਬੌਂਦਲ ਜਾਂਦੇ ਹਨ।ਕਾਹਲੀ ਚ ਹੋਣ ਕਰਕੇ ਕਈ ਦਫ਼ਾ ਉਨਾਂ ਨੂੰ ਸਿਟਿੰਗ ਪਲਾਨ ਚੋਂ ਆਪਣਾ ਰੋਲ ਨੰਬਰ ਹੀ ਨਹੀਂ ਲੱਭਦਾ ਕੇ ਕਿੱਥੇ ਲੱਗਾ ਹੋਇਆ ਹੈ।ਟੈਂਸ਼ਨ ਕਰਕੇ ਉਹ ਪ੍ਰੀਖਿਆ ਚ ਸਵਾਲਾਂ ਦੇ ਸਹੀ ਜਵਾਬ ਨਹੀਂ ਦੇ ਸਕਦੇ। ਦੇਰ ਨਾਲ ਪੁੱਜਣ ਦਾ ਸਭ ਤੋ ਵੱਡਾ ਨੁਕਸਾਨ ਵਿਦਿਆਰਥੀ ਨੂੰ ਇਹ ਹੁੰਦਾ ਹੈ ਕਿ ਸਮੇਂ ਦੀ ਘਾਟ ਕਾਰਨ ਉਸਦੇ ਕਈ ਸਵਾਲ ਹੱਲ ਕਰਨ ਤੋਂ ਰਹਿ ਜਾਂਦੇ ਹਨ।ਜਿਸ ਨਾਲ ਉਨਾਂ ਦੀ ਪਾਸ ਪ੍ਰਤੀਸ਼ਤਤਾ ਉੱਤੇ ਸਿੱਧਾ ਅਸਰ ਪੈਂਦਾ ਹੈ।ਇਸ ਵਾਸਤੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕੇ ਉਹ ਆਪਣੇ ਬੱਚੇ ਨੂੰ ਸਮੇਂ ਸਿਰ ਭਾਵ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟੋ ਘੱਟ ਅੱਧਾ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਛੱਡਣ ਤਾਂ ਜੋ ਬੱਚਾ ਬੇ ਡਰ ਹੋ ਕੇ ਪੇਪਰ ਦੇ ਸਕੇ।ਮਾਪਿਆਂ ਨੂੰ ਇਸ ਗੱਲ ਦਾ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ ਹੈ ਕੇ ਉਹ ਆਪਣੇ ਬੱਚੇ ਨੂੰ ਪ੍ਰੀਖਿਆ ਦੇ ਦਿਨਾਂ ਚ ਮੋਬਾਈਲ ਦੀ ਵਰਤੋਂ ਨਾ ਕਰਨ ਲਈ ਪ੍ਰੇਰਤ ਕਰਨ ਤਾਂ ਜੋ ਬੱਚੇ ਦਾ ਧਿਆਨ ਸਿਰਫ ਤੇ ਸਿਰਫ ਪੇਪਰਾਂ ਚ ਹੋਵੇ ।ਪੇਪਰ ਦੀ ਤਿਆਰੀ ਵਾਸਤੇ ਚੰਗਾ ਵਾਤਾਵਰਣ ਦੇਣਾ ਵੀ ਮਾਪਿਆ ਦੀ ਜ਼ਿੰਮੇਵਾਰੀ ਹੈ।ਪੇਪਰਾਂ ਦੇ ਦਿਨਾਂ ਚ ਬੱਚਿਆਂ ਦੇ ਖਾਣ ਪੀਣ ਦਾ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਘਰ ਚ ਕੋਈ ਵੀ ਅਜਿਹਾ ਸਮਾਗਮ ਨਹੀਂ ਰੱਖਣਾ ਚਾਹੀਦਾ,ਜਿਸ ਨਾਲ ਬੱਚੇ ਦੀ ਪੜ੍ਹਾਈ ਤੇ ਅਸਰ ਪਵੇ।ਨਾਲ ਹੀ ਪੇਪਰਾਂ ਦੌਰਾਨ ਮਾਪਿਆਂ ਨੂੰ ਘਰ ਤੋਂ ਬਾਹਰ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਬਣਾਉਣਾ ਚਾਹੀਦਾ ਸਗੋਂ ਘਰ ਰਹਿ ਕੇ ਬੱਚੇ ਦੀ ਤਿਆਰੀ ਕਰਵਾਉਣ ਵੱਲ ਵਧ ਤੋ ਵਧ ਤਵੱਜੋਂ ਤੇ ਸਮਾਂ ਦੇਣਾ ਚਾਹੀਦਾ ਹੈ। ਇਸ ਤਰਾਂ ਕਰਕੇ ਅਸੀ ਚੰਗੇ ਨਤੀਜਿਆਂ ਦੀ ਆਸ ਰੱਖ ਸਕਦੇ ਹਾਂ।
ਲੈਕਚਰਾਰ ਅਜੀਤ ਖੰਨਾ
ਮੋਬਾਈਲ :76967-54669