ਮੋਹਾਲੀ, 23 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਦੀ ਧਰਤੀ ’ਤੇ ਕਦਮ ਰੱਖਣ ਦੇ ਸੁਪਨੇ ਨੇ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਦੇ ਪਿੰਡ ਸ਼ੇਖਪੁਰਾ ਕਲਾਂ ਦੇ 24 ਸਾਲਾ ਰਣਦੀਪ ਸਿੰਘ ਦੀ ਜ਼ਿੰਦਗੀ ਨਿਗਲ ਲਈ। ਲਗਭਗ 25 ਲੱਖ ਰੁਪਏ ਖਰਚ ਕਰਕੇ ਉਸ ਨੇ ਇੱਕ ਏਜੰਟ ਰਾਹੀਂ ਕੈਨੇਡਾ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਇਸ ਸਫਰ ਦਾ ਦੁਖਦਾਈ ਅੰਤ ਹੋਇਆ।
ਏਜੰਟ ਦੀ ਯੋਜਨਾ ਅਨੁਸਾਰ, ਰਣਦੀਪ ਪਹਿਲਾਂ ਵੀਅਤਨਾਮ ਅਤੇ ਫਿਰ ਕੰਬੋਡੀਆ ਪਹੁੰਚਿਆ। 8 ਮਹੀਨਿਆਂ ਤਕ ਅਣਜਾਣੀ ਧਰਤੀ ’ਤੇ ਫਸਿਆ ਰਿਹਾ , ਨਾਂ ਉਹ ਅੱਗੇ ਵਧ ਸਕਿਆ, ਨਾਂ ਹੀ ਵਾਪਸ ਆ ਸਕਿਆ। ਇਸ ਦੌਰਾਨ ਉਹ ਗੰਭੀਰ ਬੀਮਾਰ ਹੋ ਗਿਆ, ਪਰ ਉਸ ਦਾ ਢੰਗ ਨਾਲ ਇਲਾਜ ਵੀ ਨਹੀਂ ਕਰਵਾਇਆ ਗਿਆ।ਇਸ ਦੌਰਾਨ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ।
ਹੁਣ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਆਪਣੇ ਪੁੱਤਰ ਦੀ ਲਾਸ਼ ਵਾਪਸ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਨਾਲ ਹੀ, ਠੱਗੀ ਮਾਰਨ ਵਾਲੇ ਏਜੰਟ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
