ਚੰਡੀਗੜ੍ਹ, 23 ਫ਼ਰਵਰੀ,ਬੋਲੇ ਪੰਜਾਬ ਬਿਊਰੋ :
MSP ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਹੋਈ 6ਵੀਂ ਮੀਟਿੰਗ ਵੀ ਬੇਨਤੀਜਾ ਰਹੀ। ਤਕਰੀਬਨ 3 ਘੰਟਿਆਂ ਤਕ ਚੱਲੀ ਚਰਚਾ ਦੌਰਾਨ MSP ਸਮੇਤ ਹੋਰ ਮੰਗਾਂ ‘ਤੇ ਗੱਲ ਹੋਈ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਹੁਣ ਅਗਲੀ ਮੀਟਿੰਗ 19 ਮਾਰਚ ਨੂੰ ਹੋਵੇਗੀ।
ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ MSP ਦਾ ਮੁੱਦਾ ਸਭ ਤੋਂ ਪਹਿਲਾਂ ਚੁੱਕਿਆ। ਕੇਂਦਰ ਨੇ 2-3 ਫਸਲਾਂ ‘ਤੇ ਨਵੀਂ MSP ਦੇਣ ਦੀ ਪੇਸ਼ਕਸ਼ ਕੀਤੀ, ਪਰ ਕਿਸਾਨ 23 ਫਸਲਾਂ ‘ਤੇ ਗਾਰੰਟੀ ਲੈਣ ਦੀ ਮੰਗ ‘ਤੇ ਡਟੇ ਰਹੇ।
ਮੀਟਿੰਗ ‘ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ, ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਪੀਯੂਸ਼ ਗੋਇਲ ਨੇ ਸ਼ਿਰਕਤ ਕੀਤੀ। ਦੂਜੇ ਪਾਸੇ, ਪੰਜਾਬ ਸਰਕਾਰ ਵਲੋਂ ਗੁਰਮੀਤ ਸਿੰਘ ਖੁੱਡੀਆਂ, ਵਿੱਤ ਮੰਤਰੀ ਹਰਪਾਲ ਚੀਮਾ ਤੇ ਲਾਲ ਚੰਦ ਕਟਾਰੂਚੱਕ ਮੌਜੂਦ ਰਹੇ। ਕਿਸਾਨਾਂ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਧੇਰ ਸਮੇਤ 28 ਆਗੂਆਂ ਨੇ ਕੀਤੀ।
ਖਨੌਰੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਨੂੰ ਚੰਡੀਗੜ੍ਹ ਐਂਬੂਲੈਂਸ ਰਾਹੀਂ ਲਿਆਂਦਾ ਗਿਆ। ਮੀਟਿੰਗ ਦੌਰਾਨ ਸ਼ਿਵਰਾਜ ਚੌਹਾਨ ਉਨ੍ਹਾਂ ਕੋਲ ਪਹੁੰਚੇ, ਹਾਲ-ਚਾਲ ਪੁੱਛਿਆ ਤੇ ਹੋਰ ਕਿਸਾਨ ਆਗੂਆਂ ਨਾਲ ਵੀ ਗੱਲ ਕੀਤੀ।
ਮਸਲਾ ਹਾਲ ਨਾ ਹੋਣ ਕਰਕੇ ਕਿਸਾਨ ਆਗੂ ਹੁਣ ਅੰਦੋਲਨ ਦੇ ਅਗਲੇ ਪੜਾਅ ‘ਤੇ ਵਿਚਾਰ ਕਰ ਰਹੇ ਹਨ। 19 ਮਾਰਚ ਦੀ ਮੀਟਿੰਗ ਤਕ ਕਿਸਾਨ ਵਲੋਂ ਨਵੀਆਂ ਰਣਨੀਤੀਆਂ ਬਣਾਈਆਂ ਜਾ ਸਕਦੀਆਂ ਹਨ।
