ਚੰਡੀਗੜ੍ਹ, 22 ਫਰਵਰੀ,ਬੋਲੇ ਪੰਜਾਬ ਬਿਊਰੋ :
ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ’ਤੇ ਚਰਚਾ ਕਰਨ ਲਈ ਕੇਂਦਰ ਸਰਕਾਰ ਨਾਲ ਅੱਜ ਸ਼ਨੀਵਾਰ ਸ਼ਾਮ ਨੂੰ ਇੱਥੇ ਗੱਲਬਾਤ ਹੋਵੇਗੀ। ਪ੍ਰਦਰਸ਼ਨਕਾਰੀ ਕਿਸਾਨ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਕਰ ਰਹੇ ਹਨ। ਕਿਸਾਨਾਂ ਨੇ ਪਹਿਲਾਂ ਮੰਗ ਕੀਤੀ ਸੀ ਕਿ ਅਗਲੀ ਬੈਠਕ ਦਿੱਲੀ ਵਿੱਚ ਹੋਵੇ, ਪਰ ਕੇਂਦਰ ਨੇ ਇਸਨੂੰ ਚੰਡੀਗੜ੍ਹ ਵਿੱਚ ਨਿਰਧਾਰਤ ਕੀਤਾ ਹੈ।
ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਪੂਰਣ ਚੰਦਰ ਕਿਸ਼ਨ ਨੇ ਬੈਠਕ ਸੰਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੂੰ ਸੰਬੋਧਿਤ ਕਰਦੇ ਹੋਏ ਇੱਕ ਪੱਤਰ ਭੇਜਿਆ ਹੈ। ਸੰਯੁਕਤ ਸਕੱਤਰ ਪੂਰਣ ਚੰਦਰ ਕਿਸ਼ਨ ਨੇ 19 ਫ਼ਰਵਰੀ ਨੂੰ ਲਿਖੇ ਪੱਤਰ ਵਿੱਚ ਕਿਹਾ, “ਇਹ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ (KMM) ਦੇ ਆਗੂਆਂ ਨਾਲ ਪਿਛਲੀ ਬੈਠਕ ਦਾ ਤਤਕਾਲਿਕ ਅਨੁਸਰਣ ਹੈ, ਜੋ 14 ਫ਼ਰਵਰੀ ਨੂੰ ਚੰਡੀਗੜ੍ਹ ਵਿੱਚ ਹੋਈ ਸੀ।”
ਹਿੰਦੀ ‘ਚ ਲਿਖੇ ਇਸ ਪੱਤਰ ‘ਚ ਉਨ੍ਹਾਂ ਕਿਹਾ, ‘ਇਸੇ ਲੜੀ ਤਹਿਤ 22 ਫਰਵਰੀ ਨੂੰ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨੂੰ ਲੈ ਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਰੱਖੀ ਗਈ ਹੈ। ਤੁਹਾਨੂੰ ਮੀਟਿੰਗ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ…’
