ਰਾਜਪੁਰਾ, 22 ਫਰਵਰੀ,ਬੋਲੇ ਪੰਜਾਬ ਬਿਊਰੋ :
ਕੇਂਦਰੀ ਲੇਖਕ ਸਭਾ ਸੇਖੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰੀ ਲੇਖਕ ਸਭਾ ਸੇਖੋਂ ਦੇ ਸੈਕਟਰੀ ਡਾ. ਹਰਜੀਤ ਸਿੰਘ ਸੱਧਰ ਨੇ ਸਾਹਿਤ ਕਲਾ ਮੰਚ ਰਾਜਪੁਰਾ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ ਵਿਖੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਜਿਸ ਵਿਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਾਰਜਸ਼ੀਲ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਸਾਹਿਤਕਾਰਾਂ ਅਤੇ ਵਿਦਵਾਨਾਂ ਦੇ ਕੰਨਿਆ ਸਕੂਲ ਦੇ ਵਿਹੜੇ ਵਿਚ ਪਹੁੰਚਣ ਤੇ ਸਕੂਲ ਦੇ ਪ੍ਰਿੰਸੀਪਲ ਡਾ: ਨਰਿੰਦਰ ਕੌਰ, ਅਸ਼ਵਨੀ ਕੁਮਾਰ ਅਤੇ ਹੋਰ ਅਧਿਆਪਕਾਂ ਵੱਲੋਂ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਡਾ. ਅਸ਼ਵਨੀ ਵੱਲੋਂ ਸੂਫ਼ੀ ਸ਼ਾਇਰੀ ਨਾਲ ਕੀਤੀ। ਡਾ. ਹਰਜੀਤ ਸਿੰਘ ਸੱਧਰ ਵੱਲੋਂ ਪੰਜਾਬੀ ਮਾਤ ਭਾਸ਼ਾ ਦਿਵਸ ਦੀਆਂ ਮੁਬਾਰਕਾਂ ਦੇਣ ਦੇ ਨਾਲ ਨਾਲ ਬੱਚਿਆਂ ਦੇ ਰੂਬਰੂ ਹੁੰਦਿਆਂ ਪੰਜਾਬੀ ਮਾਂ ਬੋਲੀ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਧਿਆਪਨ ਸਮੇਂ ਦੇ ਤਜਰਬੇ ਵੀ ਸ਼ੇਅਰ ਕੀਤੇ। ਉਨ੍ਹਾਂ ਦੇ ਪੂਰਨਿਆਂ ਤੇ ਚਲਦਿਆਂ ਹਰਜਿੰਦਰ ਕੌਰ ਸੱਧਰ ਵੱਲੋਂ ਪੰਜਾਬੀ ਮਾਂ ਬੋਲੀ ਬਾਰੇ ਵਿਚਾਰਾਂ ਕਰਦਿਆਂ ਮਾਂ ਬੋਲੀ ਬਾਰੇ ਕਵਿਤਾ ਪੇਸ਼ ਕੀਤੀ।

ਬਾਲ ਸਾਹਿਤ ਲੇਖਕ ਦਰਸ਼ਨ ਬਨੂੜ ਵੱਲੋਂ ਵੀ ਆਪਣੇ ਬਚਪਨ ਦੇ ਸਕੂਲਾਂ ਸਮੇਂ ਦੇ ਤਜਰਬੇ ਸਾਂਝੇ ਕਰਦਿਆਂ ਬੱਚਿਆਂ ਨੂੰ ਪੰਜਾਬੀ ਬੋਲੀ ਬਾਰੇ ਜਾਗਰੂਕ ਕੀਤਾ ਗਿਆ। ਇਸ ਤਰਾਂ ਕੁਲਦੀਪ ਸਾਹਿਲ ਵੱਲੋਂ ਵੀ ਮਾਂ ਬੋਲੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਆਪਣੀ ਕਵਿਤਾ ਨਾਲ ਹਾਜ਼ਰੀ ਲਵਾਈ। ਗੀਤਕਾਰ ਭਿੰਡਰ ਖੰਡੋਲੀ ਵੱਲੋਂ ਬਹੁਤ ਹੀ ਖ਼ੂਬਸੂਰਤ ਆਵਾਜ਼ ਵਿਚ ਸਾਹਿਬਜ਼ਾਦਿਆਂ ਬਾਰੇ ਗੀਤ ਸੁਣਾਇਆ। ਇਸ ਮੌਕੇ ਸਾਹਿਤਕਾਰ ਸੁਖਵਿੰਦਰ ਬਾਜਵਾ ਵੀ ਹਾਜ਼ਰ ਰਹੇ।
ਇਸ ਪ੍ਰੋਗਰਾਮ ਵਿਚ ਸਕੂਲ ਅਧਿਆਪਕਾਂ ਵੱਲੋਂ ਵੀ ਆਪਣੀ ਪੇਸ਼ਕਾਰੀ ਕੀਤੀ ਗਈ, ਜਸਵਿੰਦਰ ਕੌਰ ਵੱਲੋਂ ਡਾ. ਸੁਰਜੀਤ ਪਾਤਰ ਦੀ ਨਜ਼ਮ ਗਾ ਕੇ ਪੇਸ਼ਕਾਰੀ ਕੀਤੀ ਗਈ। ਆਖੀਰ ਵਿਚ ਅਲੀ ਰਾਜਪੁਰਾ ਸਟੇਟ ਅਵਾਰਡੀ ਵੱਲੋਂ ਜਿੱਥੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ, ਉੱਥੇ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਭਾਸ਼ਾ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ। ਆਖੀਰ ਵਿਚ ਡਾ. ਨਰਿੰਦਰ ਕੌਰ ਪ੍ਰਿੰਸੀਪਲ , ਕੁਲਦੀਪ ਕੁਮਾਰ ਵਰਮਾ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਅਸ਼ਵਨੀ, ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਡਾ. ਹਰਜੀਤ ਸਿੰਘ ਸੱਧਰ ਨੂੰ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਸ਼ਾਲ ਅਤੇ ਮੋਮੈਂਟੋ ਭੇਟ ਕੀਤਾ ਗਿਆ। ਇਸ ਸਮਾਗਮ ਵਿਚ ਪਹੁੰਚੇ ਸਾਹਿਤਕਾਰਾਂ ਵੱਲੋਂ ਸਕੂਲ ਦੀ ਲਾਇਬ੍ਰੇਰੀ ਲਈ ਆਪਣੀਆਂ ਪੁਸਤਕਾਂ ਦੇ ਸੈੱਟ ਵੀ ਭੇਟ ਕੀਤੇ।