ਪਟਿਆਲ਼ਾ, 22 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪਟਿਆਲਾ ਦੇ ਚੀਕਾ ਰੋਡ ’ਤੇ ਪਿੰਡ ਪੰਜੋਲਾ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ’ਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਚੌਕੀ ਇੰਚਾਰਜ ਬਲਜਿੰਦਰ ਸਿੰਘ ਮੁਤਾਬਕ, ਬਲਬੇੜਾ ਦੇ ਚਾਰ ਨੌਜਵਾਨ ਆਪਣੀ ਮਾਰੂਤੀ ਕਾਰ ’ਚ ਸਰਸ ਮੇਲਾ ਵੇਖਣ ਜਾ ਰਹੇ ਸਨ। ਪਿੰਡ ਪੰਜੋਲਾ ਦੇ ਨੇੜੇ ਅਚਾਨਕ ਅਵਾਰਾ ਜਾਨਵਰ ਸੜਕ ’ਤੇ ਆ ਗਿਆ, ਜਿਸ ਨਾਲ ਡਰਾਈਵਰ ਨੇ ਸੰਤੁਲਨ ਗੁਆ ਦਿੱਤਾ ਅਤੇ ਕਾਰ ਦਰੱਖਤ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ।
ਹਾਦਸੇ ’ਚ ਜ਼ਖ਼ਮੀ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ 19 ਸਾਲਾ ਵਰਦਾਨ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਬਾਕੀ ਤਿੰਨ ਗੰਭੀਰ ਜ਼ਖ਼ਮੀ ਹਾਲੇ ਵੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਪੁਲਿਸ ਨੇ 174 ਦੀ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ।
