ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਫ਼ਰਵਰੀ, ਬੋਲੇ ਪੰਜਾਬ ਬਿਊਰੋ :
ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਅੱਜ ਇੱਥੇ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਉੱਤਰੀ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੂੰ ਹਵਾਈ ਉਡਾਣਾਂ ਦੀ ਸ਼ੁਰੂਆਤ ਲਈ ਯਤਨਸ਼ੀਲ ਹਨ। ਅੱਜ ਇੱਥੇ ਇੱਕ ਨਿੱਜੀ ਚੈਨਲ ਵੱਲੋਂ ਕਰਵਾਏ ਗਏ ਸਮਾਗਮ ’ਚ ਆਪਣੇ ਲੋਕ ਸਭਾ ਹਲਕੇ ਸ੍ਰੀ ਆਨੰਦਪੁਰ ਸਾਹਿਬ ਦੀ ਬੇਹਤਰੀ ਲਈ ਕੀਤੇ ਜਾ ਰਹੇ ਯਤਨਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡੇ ਦਾ ਪ੍ਰਬੰਧ ਸੰਭਾਲਦੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ, ਜਿਸ ਦੇ ਉਹ ਬਤੌਰ ਸੰਸਦ ਮੈਂਬਰ ਕੋ-ਚੇਅਰਮੈਨ ਹਨ, ਦੀ 10 ਸਾਲਾਂ ’ਚ ਪਹਿਲੀ ਵਾਰ ਇਸ ਗੰਭੀਰ ਮੁੱਦੇ ’ਤੇ ਮੀਟਿੰਗ ਹੋਈ ਹੈ।
ਉਨ੍ਹਾਂ ਕਿਹਾ ਕਿ ਮੋਹਾਲੀ ਏਅਰਪੋਰਟ ਵਿਖੇ ਕੌਮਾਂਤਰੀ ਹਵਾਈ ਉਡਾਣਾਂ ਨੂੰ ਸੰਭਾਲਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਦਿਨਾਂ ’ਚ ਆਪਣੇ ਗੁਆਂਢੀ ਲੋਕ ਸਭਾ ਹਲਕੇ ਚੰਡੀਗੜ੍ਹ ਦੇ ਸੰਸਦ ਮੈਂਬਰ ਨਾਲ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਵੀ ਮਿਲਣਗੇ ਅਤੇ ਕੌਮਾਂਤਰੀ ਹਵਾਈ ਰੂਟ ’ਤੇ ਚੱਲਣ ਵਾਲੀਆਂ ਏਅਰ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਵੀ ਮਿਲ ਕੇ ਇਸ ਰੂਟ ’ਤੇ ਕੌਮਾਂਤਰੀ ਉਡਾਣਾਂ ਲਈ ਰੁਚੀ ਦਿਖਾਉਣ ਲਈ ਆਖਣਗੇ। ਉਨ੍ਹਾਂ ਦੱਸਿਆ ਕਿ ਮੋਹਾਲੀ ਹਵਾਈ ਅੱਡੇ ’ਤੇ ਇੱਕ ਸਾਲ ’ਚ 5 ਮਿਲੀਅਨ ਤੱਕ ਯਾਤਰੀਆਂ ਦੀ ਆਮਦ ਅਤੇ ਰਵਾਨਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਅੰਦਾਜ਼ੇ ਮੁਤਾਬਕ ਰੋਜ਼ਾਨਾ 8 ਤੋਂ 10 ਹਜ਼ਾਰ ਟੈਕਸੀਆਂ ਅਤੇ ਹੋਰ ਵਾਹਨ ਸੂਬੇ ਤੋਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਲੈਣ ਲਈ ਯਾਤਰੀਆਂ ਨੂੰ ਲੈ ਕੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਵਿਦੇਸ਼ੀ ਉਡਾਣਾਂ ਲੈਣ ਵਾਲੇ 25 ਫ਼ੀਸਦੀ ਯਾਤਰੀ ਪੰਜਾਬ ਦੇ ਹੁੰਦੇ ਹਨ। ਜੇਕਰ ਮੋਹਾਲੀ ਨੂੰ ਸਿੱਧਾ ਕੌਮਾਂਤਰੀ ਰੂਟ ਮਿਲ ਜਾਂਦਾ ਹੈ ਤਾਂ ਉਦਯੋਗਪਤੀਆਂ, ਵਿਦੇਸ਼ ਵਸਦੇ ਪੰਜਾਬੀਆਂ ਲਈ ਬੜਾ ਅਸਾਨ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਚਾਹੇ ਮੋਹਾਲੀ ਅਤੇ ਨਾਲ ਲੱਗਦੇ ਖਰੜ, ਜ਼ੀਰਕਪੁਰ ਇਲਾਕਿਆਂ ’ਚ ਰੀਅਲ ਐਸਟੇਟ ਅਤੇ ਹਾਊਸਿੰਗ ਸੈਕਟਰ ਦਾ ਕੰਮ ਬਹੁਤ ਵੱਡੇ ਪੱਧਰ ’ਤੇ ਹੈ ਪਰ ਉਹ ਮਹਿਸੂਸ ਕਰਦੇ ਹਨ ਕਿ ਇਨ੍ਹਾਂ ਸ਼ਹਿਰਾਂ ’ਚ ਹੋ ਰਹੇ ਭੀੜ-ਭੜੱਕੇ ਨੂੰ ਦੇਖਦਿਆਂ ਇਹ ਹਾਊਸਿੰਗ ਸੈਕਟਰ ਰੋਪੜ ਅਤੇ ਨੰਗਲ ਵੱਲ ਵਧਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਇਲਾਕਿਆਂ ਦੀ ਤਰੱਕੀ ਦੇ ਨਾਲ-ਨਾਲ ਇਸ ਇਲਾਕੇ ’ਚ ਭੀੜ-ਭੜੱਕੇ ਨੂੰ ਠੱਲ੍ਹ ਪੈ ਸਕੇ।
ਉਨ੍ਹਾਂ ਕਿਹਾ ਕਿ ਇਸ ਭੀੜ-ਭੜੱਕੇ ਕਾਰਨ ਕਈ ਵਾਰ ਬਿਲਡਰ ਲੋਕਾਂ ਨੂੰ ਬਣਦੀਆਂ ਸਹੂਲਤਾਂ ਵੀ ਨਹੀਂ ਦੇ ਪਾਉਂਦੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਵਿਚਾਰ ਚਰਚਾ ਕਰਨਗੇ। ਲੋਕ ਸਭਾ ਮੈਂਬਰ ਜੋ ਕਿ ਖੁਦ ਬਾਸਕਿਟਬਾਲ ਦੇ ਪੰਜਾਬ ਯੂਨੀਵਰਸਿਟੀ ’ਚ ਪੜ੍ਹਾਈ ਮੌਕੇ ਚੰਗੇ ਖਿਡਾਰੀ ਰਹੇ ਹਨ, ਨੇ ਦੱਸਿਆ ਕਿ ਉਹ ਫੁੱਟਬਾਲ ਕਰਕੇ ਜਾਣੀ ਜਾਂਦੀ ਧਰਤੀ ਮਾਹਿਲਪੁਰ ਵਿਖੇ ਕੌਮਾਂਤਰੀ ਪੱਧਰ ਦਾ ਫੁੱਟਬਾਲ ਸਟੇਡੀਅਮ ਬਣਵਾਉਣ ਲਈ ਵੀ ਯਤਨ ਕਰਨਗੇ।
ਇਸ ਤੋਂ ਇਲਾਵਾ ਬਲਾਚੌਰ (ਟੱਪਰੀਆਂ) ਵਿਖੇ ਵਾਲੀਬਾਲ ਗਰਾਊਂਡ, ਚਮਕੌਰ ਸਾਹਿਬ ਵਿਖੇ ਬਾਸਕਿਟਬਾਲ ਗਰਾਊਂਡ ਅਤੇ ਮੋਹਾਲੀ ਦੇ ਸੈਕਟਰ 78 ਦੇ ਸਪੋਰਟਸ ਕੰਪਲੈਕਸ ਵਿਖੇ ਸਿੰਥੈਟਿਕ ਟਰੈਕ ਜਿਹੇ ਕੰਮ ਸ਼ੁਰੂ ਕਰਵਾਏ ਹਨ ਜਦਕਿ ਰੋਪੜ ਵਿਖੇ ਹੈਂਡਬਾਲ ਅਤੇ ਰੋਇੰਗ ਦੀ ਪ੍ਰਫੁੱਲਤਾ ਲਈ ਵੀ ਉਪਰਾਲੇ ਜਾਰੀ ਹਨ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਅਤੇ ਨਾਲ ਲੱਗਦੇ ਸ੍ਰੀ ਨੈਣਾ ਦੇਵੀ ਦੀ ਇਤਹਾਸਕ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਉਹ ਸੈਰ-ਸਪਾਟੇ ਦੇ ਪੱਖ ਤੋਂ ਇਸ ਇਲਾਕੇ ਲਈ ਟੂਰਿਜ਼ਮ ਸਰਕਟ (ਤੀਰਥ ਭ੍ਰਮਣ) ਵੀ ਬਣਵਾਉਣ ਦਾ ਯਤਨ ਕਰ ਰਹੇ ਹਨ।