ਸਰਕਾਰੀ ਕਾਲਜ ਮੋਹਾਲੀ ਵਿਖੇ 39ਵੇਂ ਸਾਲਾਨਾ ਖੇਡ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ
ਐਂਸ.ਏ.ਐੱਸ. ਨਗਰ 21 ਫਰਵਰੀ ,ਬੋਲੇ ਪੰਜਾਬ ਬਿਊਰੋ :
ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ (ਸ਼ੌਰਿਆ ਚੱਕਰ), ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ 39ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਗੁਰਿੰਦਰਜੀਤ ਕੌਰ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸਿਮਰਪ੍ਰੀਤ ਕੌਰ ਅਤੇ ਕਾਲਜ ਵਿਦਿਆਰਥੀਆਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਵੱਡੇ ਖੇਡ ਸਮਾਰੋਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਖੇਡਾਂ ਚ ਬੇਹਤਰੀਨ ਕਾਰਗੁਜ਼ਾਰੀ ਦਾ ਪ੍ਰਗਟਾਵਾ ਕਰਨ ਵਾਲੇ ਖਿਡਾਰੀਆਂ ਨੂੰ ਲੋੜੀਂਦਾ ਸਾਮਾਨ ਅਤੇ ਢੁੱਕਵਾਂ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਮੋਹਾਲੀ ਵਿਖੇ 39ਵੇਂ ਸਾਲਾਨਾ ਖੇਡ ਸਮਾਰੋਹ ਦੌਰਾਨ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਤਾਰੀਫ ਕਰਨੀ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਸ਼ੱਕ ਪੜ੍ਹਾਈ ਵਿਦਿਆਰਥੀ ਵਰਗ ਲਈ ਜ਼ਰੂਰੀ ਹੈ, ਪ੍ਰੰਤੂ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦੇ ਵਿੱਚ ਭਾਗ ਲੈਣਾ ਵੀ ਜ਼ਰੂਰੀ ਹੈ। ਕਿਉਂਕਿ ਖੇਡਾਂ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਵਧੇਰੇ ਮਜਬੂਤ ਬਣਾਉਂਦੀਆਂ ਹਨ, ਇਸ ਲਈ ਹਰ ਬੱਚਾ ਖੇਡਾਂ ਵਿੱਚ ਹਿੱਸਾ ਲਵੇ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਪੁਰਾਣੇ ਇਤਿਹਾਸ ਅਤੇ ਵਿਰਸੇ ਨਾਲ ਜੁੜ ਕੇ ਚੰਗੇ ਕੰਮ ਕਰਨ ਅਤੇ ਮਾੜੀਆਂ ਨੀਤੀਆਂ ਨੂੰ ਛੱਡ ਕੇ ਖੇਡਾਂ ਅਤੇ ਪੜ੍ਹਾਈ ਦੇ ਨਾਲ ਨਾਲ ਦੇਸ਼ ਅਤੇ ਮਾਂ-ਬਾਪ ਦੀ ਸੇਵਾ ਵੱਲ ਧਿਆਨ ਦੇਣ ਲਈ ਕਿਹਾ।

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਦੇ ਵਿੱਚ ਨਵੇਂ ਚੌਂਕ ਬਣ ਰਹੇ ਹਨ ਅਤੇ ਸੀ. ਸੀ. ਟੀ.ਵੀ. ਕੈਮਰੇ ਲਗਾਏ ਜਾ ਚੁੱਕੇ ਹਨ, ਜਿਨਾਂ ਤੇ 50 ਕਰੋੜ ਰੁਪਏ ਖਰਚਿਆ ਜਾ ਚੁੱਕਾ ਹੈ ਅਤੇ 50 ਕਰੋੜ ਰੁਪਏ ਹੋਰ ਖਰਚੇ ਜਾਣਗੇ। ਮੋਹਾਲੀ ਦੇ ਹਰ ਕੋਨੇ, ਹਰ ਚੌਂਕ ਅਤੇ ਹਰ ਟੀ ਪੁਆਇੰਟ ਸਮੇਤ ਹਰ ਮਹੱਤਵਪੂਰਨ ਏਰੀਏ ਦੇ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ, ਜਿਸ ਨਾਲ ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਨਹੀਂ ਹੋ ਸਕੇਗੀ, ਚੋਰੀ ਅਤੇ ਝਗੜਿਆਂ ਦੇ ਮਾਮਲੇ ਕੰਟਰੋਲ ਦੇ ਵਿੱਚ ਹੋਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਮੋਹਾਲੀ ਜ਼ੀਰੋ ਕਰਾਈਮ ਵਾਲਾ ਸ਼ਹਿਰ ਹੋਵੇਗਾ।
ਇਸ ਮੌਕੇ ਤੇ ਸੁਰਿੰਦਰਜੀਤ ਕੌਰ ਪ੍ਰਿੰਸੀਪਲ, ਪ੍ਰੋ. ਨਵਦੀਪ ਸਿੰਘ, ਸੀਨੀਅਰ ਪ੍ਰੋਫੈਸਰ, ਪ੍ਰੋ. ਸਿਮਰਪ੍ਰੀਤ ਕੌਰ, ਮੁਖੀ ਸਰੀਰਕ ਸਿੱਖਿਆ, ਪ੍ਰੋ. ਜਗਤਾਰ ਸਿੰਘ ਚਿੱਲਾ ਸਰੀਰਕ ਸਿੱਖਿਆ, ਆਰ.ਪੀ ਸ਼ਰਮਾ ਐਕਸ ਐਮ.ਸੀ ਫੇਜ-6, ਹਰਵਿੰਦਰ ਸੈਨੀ, ਹਰਮੇਸ਼ ਸਿੰਘ ਕੁੰਭੜਾ, ਹਰਪਾਲ ਸਿੰਘ ਚੰਨਾ, ਡਾ.ਕੁਲਦੀਪ ਸਿੰਘ ਵੀ ਹਾਜ਼ਰ ਸਨ।