ਮੁੱਖ ਰਾਜ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਦਸਤਾਵੇਜ਼ੀ ਫਿਲਮ, ਚਿੱਤਰਕਾਰੀ ਬਰੋਸ਼ਰ ਕੀਤਾ ਜਾਰੀ
ਚੰਡੀਗੜ੍ਹ, 21 ਫਰਵਰੀ .ਬੋਲੇ ਪੰਜਾਬ ਬਿਊਰੋ :
ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ -2025 ਮਨਾਉਣ ਲਈ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਮੁੱਖ ਰਾਜ ਸੂਚਨਾ ਕਮਿਸ਼ਨਰ ਸ੍ਰੀ ਇੰਦਰਪਾਲ ਸਿੰਘ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਸਮਰਪਿਤ ਇੱਕ ਦਸਤਾਵੇਜ਼ੀ ਫਿਲਮ ਅਤੇ ਇੱਕ ਤਸਵੀਰੀ ਕਿਤਾਬਚਾ ਜਾਰੀ ਕੀਤਾ। ਚਿੱਤਰਕਾਰੀ ਦਾ ਕੰਮ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਦੁਆਰਾ ਬਹੁਤ ਗਹੁ ਤੇ ਜਿੰਮੇਵਾਰੀ ਨਾਲ ਕੀਤਾ ਗਿਆ ਸੀ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਸ੍ਰੀ ਇੰਦਰਪਾਲ ਸਿੰਘ ਨੇ ਭਾਸ਼ਾਈ ਵਿਭਿੰਨਤਾ ਅਤੇ ਮੂਲ ਭਾਸ਼ਾਵਾਂ ਦੀ ਸੰਭਾਲ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾਂ ਬੋਲੀ ਸਿਰਫ਼ ਸੰਚਾਰ ਦਾ ਮਾਧਿਅਮ ਹੀ ਨਹੀਂ ਸਗੋਂ ਸਾਡੀ ਸ਼ਾਨਾਮੱਤੀ ਵਿਰਾਸਤ ਅਤੇ ਪਛਾਣ ਦਾ ਸਾਰ ਹੈ।

ਉਨ੍ਹਾਂ ਕਿਹਾ, ‘‘ਆਪਣੀਆਂ ਮੂਲ ਭਾਸ਼ਾਵਾਂ ਨੂੰ ਸੰਭਾਲਣਾ ਅਤੇ ਉਤਸ਼ਾਹਿਤ ਕਰਨਾ ਸਾਡੀ ਇੱਕ ਸਮੂਹਿਕ ਜ਼ਿੰਮੇਵਾਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਉਣ ਵਾਲੀਆਂ ਨਸਲਾਂ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਡੂੰਘਾਈ ਨਾਲ ਜੁੜੀਆਂ ਰਹਿਣ।’’ ਪੰਜਾਬੀ ਭਾਸ਼ਾ ਦੀ ਵਿਰਾਸਤ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਇੰਦਰਪਾਲ ਸਿੰਘ ਨੇ ਕਿਹਾ ਕਿ ਇਹ ਮਹਾਨ ਗੁਰੂਆਂ ਅਤੇ ਪੁਰਖਿਆਂ ਵੱਲੋਂ ਦਿੱਤੀ ਵਿਰਾਸਤ ਅਤੇ ਪੰਜਾਬ ਦੀ ਸੱਭਿਆਚਾਰਕ ਪਛਾਣ ਹੈ। ਉਨ੍ਹਾਂ ਸਾਰਿਆਂ ਨੂੰ ਆਪਣੀ ਮਾਂ-ਬੋਲੀ ’ਤੇ ਮਾਣ ਕਰਨ ਅਤੇ ਇਸਦੇ ਵਿਕਾਸ ਅਤੇ ਮਾਨਤਾ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਰਾਜ ਸੂਚਨਾ ਕਮਿਸ਼ਨਰ ਡਾ. ਭੁਪਿੰਦਰ ਸਿੰਘ ਬਾਠ, ਵਰਿੰਦਰਜੀਤ ਸਿੰਘ ਬਿਲਿੰਗ, ਹਰਪ੍ਰੀਤ ਸੰਧੂ ਅਤੇ ਪੂਜਾ ਗੁਪਤਾ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਾਂ ਬੋਲੀ ਸੱਭਿਆਚਾਰ ਦੀ ਰੂਹ ਵਜੋਂ ਕੰਮ ਕਰਦੀ ਹੈ, ਲੋਕਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਦੀ ਹੈ ਅਤੇ ਨਸਲ-ਦਰ-ਨਸਲ ਬੁੱਧੀ, ਰਹੁ-ਰੀਤਾਂ ਅਤੇ ਇਤਿਹਾਸ ਨੂੰ ਸੁਰੱਖਿਅਤ ਰੱਖਦੀ ਹੈ।