30 ਸਾਲ ਤੋਂ ਉਪਰਲਾ ਹਰ ਵਿਅਕਤੀ ਨੇੜਲੇ ਸਿਹਤ ਕੇਂਦਰ ਵਿਚ ਜਾ ਕੇ ਕਰਵਾਏ ਜਾਂਚ : ਸਿਵਲ ਸਰਜਨ ਡਾ. ਸੰਗੀਤਾ ਜੈਨ
ਐਂਸ.ਏ.ਐੱਸ. ਨਗਰ 21 ਫਰਵਰੀ ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਸਿਹਤ ਵਿਭਾਗ ਦੀ ਅਗਵਾਈ ਹੇਠ ਅੱਜ ਵੱਖ-ਵੱਖ ਪਿੰਡਾਂ ਵਿਚ ਪੇਂਡੂ ਸਿਹਤ, ਸਫ਼ਾਈ ਅਤੇ ਖ਼ੁਰਾਕ ਕਮੇਟੀਆਂ ਦੀਆਂ ਮੀਟਿੰਗਾਂ ਹੋਈਆਂ ਜਿਨ੍ਹਾਂ ’ਚ ਬੀਤੇ ਦਿਨੀਂ ਸ਼ੁਰੂ ਹੋਈ ਗ਼ੈਰ-ਸੰਚਾਰੀ ਬੀਮਾਰੀਆਂ ਰੋਕਥਾਮ ਮੁਹਿੰਮ ਅਤੇ ਤਪਦਿਕ ਖ਼ਾਤਮਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਮੀਟਿੰਗਾਂ ਦੌਰਾਨ ਸਿਹਤ ਵਿਭਾਗ ਦੇ ਕਾਮਿਆਂ ਨੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦੇਸ਼ ਪੱਧਰ ‘ਤੇ ਵਿਸ਼ੇਸ਼ ਐਨ.ਸੀ.ਡੀ. ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ 20 ਫਰਵਰੀ ਤੋਂ 31 ਮਾਰਚ ਤੱਕ ਚੱਲੇਗੀl ਇਸ ਮੁਹਿੰਮ ਤਹਿਤ ਆਯੂਸ਼ਮਾਨ ਅਰੋਗਿਆ ਮੰਦਰਾਂ ਅਤੇ ਹੋਰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੈੰਪ ਲਗਾਏ ਲਗਾਏ ਜਾ ਰਹੇ ਹਨ ਜਿਨ੍ਹਾਂ ਵਿਚ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਦੀ ਗ਼ੈਰ-ਸੰਚਾਰੀ ਬੀਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ, ਆਮ ਕੈਂਸਰ ਆਦਿ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪੋ-ਆਪਣੇ ਜਾਣਕਾਰਾਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਆਦਿ ਨੂੰ ਇਸ ਮੁਹਿੰਮ ਬਾਰੇ ਜਾਣਕਾਰੀ ਦੇਣ ਅਤੇ ਮੁਹਿੰਮ ਨੂੰ ਸਫ਼ਲ ਬਣਾਉਣ ’ਚ ਯੋਗਦਾਨ ਪਾਉਣ। l ਇਸ ਦੇ ਨਾਲ ਹੀ, ਤਪਦਿਕ ਦੀ ਬੀਮਾਰੀ ਦੇ ਮੁਕੰਮਲ ਖ਼ਾਤਮੇ ਲਈ ਸ਼ੁਰੂ ਕੀਤੀ ਗਈ 100 ਦਿਨਾ ਮੁਹਿੰਮ ਬਾਰੇ ਵੀ ਜਾਣਕਾਰੀ ਦਿਤੀ ਗਈ। ਦਸਿਆ ਗਿਆ ਕਿ ਸਰਕਾਰ ਨੇ 2025 ਦੇ ਅਖ਼ੀਰ ਤਕ ਤਪਦਿਕ ਦੀ ਬੀਮਾਰੀ ਦੇ ਖ਼ਾਤਮੇ ਦਾ ਟੀਚਾ ਮਿੱਥਿਆ ਹੋਇਆ ਹੈ। ਜੇ ਕਿਸੇ ਵੀ ਵਿਅਕਤੀ ਨੂੰ ਹਫ਼ਤੇ ਤਿੰਨ ਹਫ਼ਤਿਆਂ ਤੋਂ ਵੱਧ ਖੰਘ ਰਹਿੰਦੀ ਹੈ ਤਾਂ ਉਹ ਨੂੰ ਤਪਦਿਕ ਦੀ ਜਾਂਚ ਕਰਾਉਣੀ ਚਾਹੀਦੀ ਹੈ, ਜੋ ਕਿਸੇ ਵੀ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਬਿਲਕੁਲ ਮੁਫ਼ਤ ਹੁੰਦੀ ਹੈ। ਡਾ. ਜੈਨ ਨੇ ਵੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਮੁਹਿੰਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਨੇੜਲੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਾਉਣ ਤਾਕਿ ਬੀਮਾਰੀਆਂ ਤੋਂ ਬਚਿਆ ਜਾ ਸਕੇ। ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਹਰ ਪਿੰਡ ਵਿਚ ਇਹ ਕਮੇਟੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਦਾ ਮੰਤਵ ਪਿੰਡ ਲਈ ਸਿਹਤ ਸੇਵਾਵਾਂ ਦੇ ਪ੍ਰੋਗਰਾਮਾਂ ਦੀ ਜਾਗਰੂਕਤਾ ਪੈਦਾ ਕਰਨਾ, ਸਿਹਤ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣਾ, ਪਿੰਡ ਦੇ ਲੋਕਾਂ ਦੀਆਂ ਸਿਹਤ ਸਮੱਸਿਆਵਾਂ, ਬੀਮਾਰੀਆਂ ਆਦਿ ਦੇ ਖ਼ਾਤਮੇ ਸਬੰਧੀ ਵਿਚਾਰਾਂ ਕਰ ਕੇ ਪਿੰਡ ਦਾ ਸੁਧਾਰ ਕਰਨਾ ਹੈ। ਮੀਟਿੰਗਾਂ ਵਿਚ ਪੰਚਾਇਤ ਮੈਂਬਰ, ਸਕੂਲ ਅਧਿਆਪਕ, ਵੀ.ਐੱਚ.ਐੱਸ. ਐੱਨ.ਸੀ ਮੈਂਬਰ, ਆਂਗਨਵਾੜੀ ਵਰਕਰ, ਆਸ਼ਾ ਵਰਕਰ, ਵਲੰਟੀਅਰ, ਆਦਿ ਮੌਜੂਦ ਸਨ।