ਐੱਸ. ਏ. ਐੱਸ. ਨਗਰ (ਮੋਹਾਲੀ),ਬੋਲੇ ਪੰਜਾਬ ਬਿਊਰੋ :
ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਾਕਾ ਨਾਨਕਾਣਾ ਸਾਹਿਬ ਜੀ ਦੇ 104 ਸਾਲ ਪੂਰੇ ਹੋਣ ਤੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦਿਨ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਇਸ ਗੁਰਮਤਿ ਸਮਾਗਮ ਵਿੱਚ ਸ਼ੇਰੇ ਪੰਜਾਬ ਕਵੀਸ਼ਰੀ ਜੱਥੇ ਨੇ 1921ਈ ਵਿੱਚ ਧਰਮ ਦੀ ਖਾਤਿਰ ਨਾਨਕਾਣਾ ਸਾਹਿਬ ਦੇ ਸਾਕੇ ਦੁਰਾਨ ਸਿੰਘਾਂ ਵਲੋਂ ਪ੍ਰਪਾਤ ਕੀਤੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।
ਬੀਬੀ ਉਤੱਮਜੀਤ ਕੌਰ ਦੇ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ । ਭਾਈ ਸੰਦੀਪ ਸਿੰਘ ਜੀ ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਆਪਣੇ ਪ੍ਰਵਚਣਾਂ ਰਾਹੀ ਸ੍ਰੀ ਨਾਨਕਾਣਾ ਸਾਹਿਬ ਦੇ ਇਤਿਹਾਾਸ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਦਸਿੱਆ। ਇਸ ਤੋਂ ਇਲਾਵਾ ਭਾਈ ਗੁਰਸੇਵਕ ਸਿੰਘ ਜੀ, ਭਾਈ ਹਰਪ੍ਰੀਤ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਗੜਾਣੇ ਵਾਲਿਆਂ ਦਾ ਕਵੀਸ਼ਰੀ ਜਥਾ, ਭਾਈ ਸਰੂਪ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਹਰਬੀਰ ਸਿੰਘ ਜੀ, ਭਾਈ ਹਰਜੋਤ ਸਿੰਘ ਜੀ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ । ਹਜ਼ਾਰਾਂ ਸੰਗਤਾਂ ਨੇ ਇਸ ਅਸਥਾਨ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਗੁਰੂ ਕਾ ਲੰਗਰ ਇਸ ਮੌਕੇ ਅਤੁੱਟ ਵਰਤਾਇਆ ਗਿਆ ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਅਸਥਾਨ ਤੇ ਡਿਸਪੈਂਸਰੀ ਅਤੇ ਲੈਬਰੇਟਰੀ ਚੱਲ ਰਹੀ ਹੈ ਜਿਸ ਵਿੱਚ ਸਾਰੇ ਟੇਸਟ ਅਤਿ ਆਧੁਨਿਕ ਕੰਪਿਊਟਰਾਈਜ ਤਰੀਕੇ ਨਾਲ ਕੀਤੇ ਜਾਂਦੇ ਹਨ। ਮਾਹਿਰ ਡਾਰਕਟਰਾਂ ਵੱਲੋਂ ਮਰੀਜਾਂ ਦਾ ਮੁਆਇਨਾ ਕੀਤਾ ਜਾਂਦਾ ਹੈ ਅਤੇ ਦਵਾਈ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾਂਦੀ ਹੈ। ਸੰਗਤਾਂ ਦੀ ਸਹੁਲਤ ਲਈ ਐੱਮ ਆਰ ਆਈ, ਸੀਟੀ ਸਕੈਨ, ਅਲਟਰਾਸਾਉਂਡ ਅਤੇ ਐਕਸ ਰੇ ਦੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ।