ਨਵੀਂ ਦਿੱਲੀ, 21 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਕੈਨੇਡਾ ਵਿੱਚ ਪੜ੍ਹਾਈ ਅਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਅਤੇ ਕੰਮਕਾਜੀ ਲੋਕਾਂ ਲਈ ਨਵੀਂ ਮੁਸ਼ਕਲ ਖੜ੍ਹੀ ਹੋ ਸਕਦੀ ਹੈ। 31 ਜਨਵਰੀ 2025 ਤੋਂ, ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨਿਯਮ ਸਖ਼ਤ ਕਰ ਦਿੱਤੇ ਹਨ, ਜਿਸ ਦਾ ਸਭ ਤੋਂ ਵੱਡਾ ਪ੍ਰਭਾਵ ਭਾਰਤੀਆਂ ‘ਤੇ ਪੈਣ ਦੀ ਸੰਭਾਵਨਾ ਹੈ।
ਨਵੇਂ ਨਿਯਮਾਂ ਤਹਿਤ, ਇਮੀਗ੍ਰੇਸ਼ਨ ਅਧਿਕਾਰੀ ਹੁਣ ਸਟੱਡੀ ਅਤੇ ਵਰਕ ਪਰਮਿਟ ਸਮੇਤ ਅਸਥਾਈ ਵੀਜ਼ੇ ਨੂੰ ਰੱਦ ਕਰ ਸਕਣਗੇ। ਇਸ ਤੋਂ ਇਲਾਵਾ, ਇਲੈਕਟਰਾਨਿਕ ਟਰੈਵਲ ਅਥਾਰਾਈਜ਼ੇਸ਼ਨ (ETA) ਅਤੇ ਪਰਮਾਨੈਂਟ ਰੈਜ਼ੀਡੈਂਸ ਵੀਜ਼ੇ (TRV) ਉੱਤੇ ਵੀ ਨਵੇਂ ਨਿਯਮ ਲਾਗੂ ਹੋਣਗੇ।
ਜੇਕਰ ਕੋਈ ਵਿਅਕਤੀ ਅਯੋਗ ਪਾਇਆ ਜਾਂਦਾ ਹੈ, ਗਲਤ ਜਾਣਕਾਰੀ ਦਿੰਦਾ ਹੈ, ਜਾਂ ਉਸ ਦਾ ਅਪਰਾਧਿਕ ਰਿਕਾਰਡ ਹੈ, ਤਾਂ ਵੀਜ਼ਾ ਜਾਂ ਪਰਮਿਟ ਰੱਦ ਕੀਤਾ ਜਾ ਸਕਦਾ ਹੈ। ਨਿਯਮਾਂ ਮੁਤਾਬਕ, ਜੇਕਰ ਪਰਮਿਟ ਧਾਰਕ ਸਥਾਈ ਨਿਵਾਸੀ ਬਣ ਜਾਂਦਾ ਹੈ, ਮਰ ਜਾਂਦਾ ਹੈ, ਜਾਂ ਦਸਤਾਵੇਜ਼ਾਂ ਵਿੱਚ ਗਲਤੀ ਹੁੰਦੀ ਹੈ, ਤਾਂ ਵੀ ਪਰਮਿਟ ਰੱਦ ਕੀਤਾ ਜਾ ਸਕਦਾ ਹੈ।
ਕੈਨੇਡਾ ਸਰਕਾਰ ਦਾ ਤਰਕ ਹੈ ਕਿ ਇਹ ਤਬਦੀਲੀਆਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਭਰੋਸੇਯੋਗਤਾ ਬਣਾਈ ਰੱਖਣ ਅਤੇ ਅਸਥਾਈ ਨਿਵਾਸੀਆਂ ਵਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲਾਗੂ ਕੀਤੀਆਂ ਗਈਆਂ ਹਨ।
