ਭੋਗਪੁਰ, 21 ਫਰਵਰੀ,ਬੋਲੇ ਪੰਜਾਬ ਬਿਊਰੋ :
ਥਾਣਾ ਭੋਗਪੁਰ ਦੇ ਅਧੀਨ ਆਉਂਦੀ ਪੁਲਿਸ ਚੌਕੀ ਪਚਰੰਗਾ ਦੇ ਪਿੰਡ ਜੱਲੋਵਾਲ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਇੱਕ ਨੌਜਵਾਨ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ 4 ਅਣਪਛਾਤੇ ਵਿਅਕਤੀਆਂ ਸਮੇਤ 8 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ, ਮਨਜੋਤ ਸਿੰਘ ਉਰਫ਼ ਜੋਤਾ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਕਿਸ਼ਨਪੁਰ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੈ। ਮਨਜੋਤ ਸਿੰਘ ਨੇ ਬਿਆਨ ਦਿੱਤਾ ਕਿ ਉਹ ਸੂਰਜ ਪੁੱਤਰ ਗੁਰਮੀਤ ਚੰਦ ਨਿਵਾਸੀ ਲੰਮਾ ਪਿੰਡ ਦੇ ਨਾਲ ਕਬੱਡੀ ਮੈਚ ਦੇਖਣ ਲਈ ਪਿੰਡ ਜੱਲੋਵਾਲ ਗਿਆ ਸੀ। ਜਦ ਉਹ ਪਾਰਕਿੰਗ ਵਿੱਚ ਗਿਆ, ਤਾਂ ਹਰਸ਼ ਪੁੱਤਰ ਮਨਜੀਤ ਸਿੰਘ ਨਿਵਾਸੀ ਗੜ੍ਹੀ ਬਖ਼ਸ਼ਾ ਦੇ ਹੱਥ ਵਿੱਚ ਲੋਹੇ ਦੀ ਰਾਡ ਸੀ, ਕਰਣ ਨਿਵਾਸੀ ਜੱਲੋਵਾਲ ਕੋਲ ਹਾਕੀ ਸੀ, ਗੁਰਦੀਪ ਉਰਫ਼ ਦਾਲਾ ਪੁੱਤਰ ਕੁਲਦੀਪ ਸਿੰਘ ਨਿਵਾਸੀ ਦੋਦੇ ਤਲਵੰਡੀ ਕੋਲ ਚਾਕੂ ਸੀ ਅਤੇ 3-4 ਅਣਪਛਾਤੇ ਨੌਜਵਾਨ ਪਹਿਲਾਂ ਹੀ ਪਾਰਕਿੰਗ ਵਿੱਚ ਖੜ੍ਹੇ ਸਨ।
ਮਨਜੋਤ ਸਿੰਘ ਨੇ ਕਿਹਾ ਕਿ ਉਕਤ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਹਰਸ਼ ਨੇ ਰਾਡ ਨਾਲ ਉਸ ਦੀ ਸੱਜੀ ਲੱਤ ’ਤੇ ਵਾਰ ਕੀਤਾ, ਕਰਣ ਨੇ ਹਾਕੀ ਨਾਲ ਮਾਰਿਆ, ਗੁਰਦੀਪ ਉਰਫ਼ ਦਾਲਾ ਨੇ ਚਾਕੂ ਨਾਲ ਦੋ ਵਾਰ ਕੀਤੇ ਅਤੇ ਪੱਗ ਵੀ ਉਤਾਰ ਦਿੱਤੀ। ਸ਼ੋਰ ਮਚਾਉਣ ’ਤੇ ਉਹ ਸਭ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਹੋਏ ਹਥਿਆਰਾਂ ਸਮੇਤ ਗੱਡੀ ਵਿੱਚ ਫਰਾਰ ਹੋ ਗਏ। ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਗੰਭੀਰ ਸੱਟਾਂ ਹੋਣ ਕਾਰਨ ਉਸਨੂੰ ਜੋਹਲ ਹਸਪਤਾਲ ਜਲੰਧਰ ਦਾਖਲ ਕਰਵਾ ਦਿੱਤਾ ਗਿਆ।
