ਬਠਿੰਡਾ, 21 ਫਰਵਰੀ,ਬੋਲੇ ਪੰਜਾਬ ਬਿਊਰੋ :
ਸੀਆਈਏ-1 ਦੀ ਹਿਰਾਸਤ ਵਿੱਚ ਪਿਛਲੇ ਸਾਲ ਹੋਈ ਭਿੰਡਰ ਸਿੰਘ ਦੀ ਸ਼ੱਕੀ ਮੌਤ ਬਾਰੇ ਵੱਡਾ ਖੁਲਾਸਾ ਹੋਇਆ ਹੈ। ਨਿਆਂਇਕ ਜਾਂਚ ਵਿੱਚ ਸੀਆਈਏ ਸਟਾਫ-1 ਦੇ ਇੰਸਪੈਕਟਰ ਨਵਪ੍ਰੀਤ ਸਿੰਘ ਸਮੇਤ ਪੰਜ ਪੁਲਿਸ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਤਸੀਹੇ ਦੇ ਕੇ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ।
ਇਸ ਮਾਮਲੇ ਵਿੱਚ ਇੰਸਪੈਕਟਰ ਨਵਪ੍ਰੀਤ ਸਿੰਘ, ਹੈਡ ਕਾਂਸਟੇਬਲ ਰਾਜਵਿੰਦਰ ਸਿੰਘ, ਕਾਂਸਟੇਬਲ ਗਗਨਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਵਿਰੁੱਧ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ਾਂ ਹੇਠ ਮੁਕੱਦਮਾ ਚੱਲੇਗਾ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 27 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ।
ਨਿਆਂਇਕ ਜਾਂਚ ਰਿਪੋਰਟ ਵਿੱਚ ਪੁਲਿਸ ਦੀ ਥਿਊਰੀ ਨੂੰ ਖਾਰਜ ਕਰਦੇ ਹੋਏ ਕਿਹਾ ਗਿਆ ਕਿ ਪੁਲਿਸ ਨੇ ਭਿੰਡਰ ਸਿੰਘ ਦੇ ਕਤਲ ਨੂੰ ਆਤਮਹਤਿਆ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਭਿੰਡਰ ਸਿੰਘ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਝੀਲ ਵਿੱਚ ਕੁੱਦ ਕੇ ਆਤਮਹਤਿਆ ਕਰ ਲਈ ਸੀ, ਪਰ ਜਾਂਚ ਦੌਰਾਨ ਡਿਜ਼ਿਟਲ ਅਤੇ ਫੋਰੈਂਸਿਕ ਸਬੂਤਾਂ, ਡਾਕਟਰਾਂ ਦੀ ਰਿਪੋਰਟ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇਹ ਸਿੱਧ ਹੋਇਆ ਕਿ ਉਹਨੂੰ ਹਿਰਾਸਤ ਵਿੱਚ ਅਮਾਨਵੀ ਤਸੀਹੇ ਦਿੱਤੇ ਗਏ ਸਨ।
ਰਿਪੋਰਟ ਵਿੱਚ ਕਿਹਾ ਗਿਆ ਕਿ ਭਿੰਡਰ ਸਿੰਘ ਨੂੰ ‘ਵਾਟਰ ਬੋਰਡਿੰਗ’ ਵਰਗੇ ਨਿਰਦਈ ਤਸੀਹੇ ਦੇ ਕੇ ਮਾਰਿਆ ਗਿਆ ਸੀ।
