ਪਟਿਆਲਾ, 21 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪੁਰਤਗਾਲ ਵਿੱਚ ਬੈਠੇ ਇਨਾਮੀ ਗੈਂਗਸਟਰ ਗੋਲਡੀ ਢਿੱਲੋਂ ਦੇ ਦੋ ਸ਼ੂਟਰਾਂ ਨੂੰ ਪਟਿਆਲਾ ਦੀ ਸਪੈਸ਼ਲ ਸੈੱਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਬਦਮਾਸ਼ਾਂ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਨਸ਼ੇ ਦੀ ਖੇਪ ਵੀ ਬਰਾਮਦ ਹੋਈ ਹੈ। ਫੜੇ ਗਏ ਦੋਵੇਂ ਸ਼ੂਟਰ ਢਿਲ਼ੋਂ ਦੇ ਇਸ਼ਾਰੇ ‘ਤੇ ਟਾਰਗੇਟ ਕਿਲਿੰਗ, ਫਿਰੌਤੀ ਮੰਗਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਮੁਤਾਬਕ, ਇਹਨਾਂ ਦੋਵੇਂ ਸ਼ੂਟਰਾਂ ਨੂੰ ਜੀਰਕਪੁਰ ਅਤੇ ਰਾਜਪੁਰਾ ਵਿੱਚ ਵਪਾਰੀਆਂ ‘ਤੇ ਫਾਇਰਿੰਗ ਕਰਨ ਦੇ ਹੁਕਮ ਮਿਲੇ ਸਨ, ਪਰ ਇਸ ਤੋਂ ਪਹਿਲਾਂ ਹੀ ਇਹ ਪਟਿਆਲਾ ਪੁਲਿਸ ਦੇ ਹੱਥੇ ਚੜ੍ਹ ਗਏ।

ਫੜੇ ਗਏ ਬਦਮਾਸ਼ਾਂ ਦੀ ਪਹਿਚਾਣ ਸੰਦੀਪ ਸਿੰਘ ਉਰਫ਼ ਦੀਪ (ਨਿਵਾਸੀ ਜੱਟਾਪੁਰਾ, ਤਹਿਸੀਲ ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਅਤੇ ਮਲਕੀਤ ਸਿੰਘ ਉਰਫ਼ ਮੈਕਸ (ਨਿਵਾਸੀ ਸ਼ੈਂਪਲੀ ਸਾਹਿਬ, ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਵਜੋਂ ਹੋਈ ਹੈ।
ਇਨ੍ਹਾਂ ਕੋਲੋਂ 1300 ਨਸ਼ੀਲੀਆਂ ਗੋਲੀਆਂ, ਚਾਰ ਪਿਸਟਲ, ਇੱਕ ਦੇਸੀ ਕੱਟਾ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।