ਅੰਮ੍ਰਿਤਸਰ, 20 ਫਰਵਰੀ,ਬੋਲੇ ਪੰਜਾਬ ਬਿਊਰੋ:
ਅਮਰੀਕਾ ਤੋਂ ਭਾਰਤੀ ਨਾਗਰਿਕਾਂ ਦੇ ਡਿਪੋਰਟ ਹੋਣ ਤੋਂ ਬਾਅਦ ਅੰਮ੍ਰਿਤਸਰ ’ਚ ਇੱਕ ਹੋਰ ਟ੍ਰੈਵਲ ਏਜੰਟ ਖਿਲਾਫ਼ ਕਾਰਵਾਈ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਹੋਰ ਟ੍ਰੈਵਲ ਏਜੰਟ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮਹਿਤਾ ਦਾ ਨਿਵਾਸੀ ਹਰਪ੍ਰੀਤ ਸਿੰਘ, ਜੋ ਹਾਲ ਹੀ ’ਚ ਅਮਰੀਕਾ ਤੋਂ ਡਿਪੋਰਟ ਹੋਕੇ ਭਾਰਤ ਵਾਪਸ ਆਇਆ ਹੈ, ਦੇ ਬਿਆਨ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਭਾਰਤੀ ਨਾਗਰਿਕਾਂ ਦੇ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤੀ ਵਧਾ ਦਿੱਤੀ ਹੈ।
ਇਹ ਟ੍ਰੈਵਲ ਏਜੰਟ ਅਜਨਾਲਾ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ, ਜਿਸ ਖਿਲਾਫ਼ ਦਿਹਾਤੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਨੇ ਅਮਰੀਕਾ ਜਾਣ ਲਈ ਟ੍ਰੈਵਲ ਏਜੰਟ ਨੂੰ 40 ਲੱਖ ਰੁਪਏ ਦਿੱਤੇ ਸਨ। ਟ੍ਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰਨ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
