ਬੱਚੀਆਂ ਨੂੰ ਸਵੈ-ਰੋਜਗਾਰ ਲਈ ਤਿਆਰ ਕਰਨਾ ਸਿੱਖਿਆ ਦਾ ਮੁੱਖ ਮਨੋਰਥ: ਡਾ. ਨਰਿੰਦਰ ਕੌਰ, ਪ੍ਰਿੰਸੀਪਲ
ਰਾਜਪੁਰਾ 20 ਫਰਵਰੀ,ਬੋਲੇ ਪੰਜਾਬ ਬਿਊਰੋ :
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੀ ਅਗਵਾਈ ਹੇਠ ਨੈਸ਼ਨਲ ਸਕਿਲ ਕੁਆਲੀਫਿਕੇਸ਼ਨ ਫਰੇਮਵਰਕ (ਐੱਨ ਐੱਸ ਕਿਯੂ ਐਫ) ਸਕੀਮ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ ਦੀਆਂ 29 ਵਿਦਿਆਰਥਣਾਂ ਨੂੰ ਬਿਊਟੀ ਐਂਡ ਵੈਲਨੈੱਸ ਦੀਆਂ ਵਿਸ਼ੇਸ਼ ਕਿੱਟਾਂ ਵੰਡੀਆਂ ਗਈਆਂ। ਇਸ ਉਦੇਸ਼ਪੂਰਨ ਉਪਰਾਲੇ ਦੌਰਾਨ ਪ੍ਰਿੰਸੀਪਲ ਡਾ. ਨਰਿੰਦਰ ਕੌਰ ਨੇ ਕਿਹਾ ਕਿ ਸਿੱਖਿਆ ਦਾ ਮੁੱਖ ਮਨੋਰਥ ਵਿਦਿਆਰਥਣਾਂ ਨੂੰ ਆਤਮ-ਨਿਰਭਰ ਅਤੇ ਸਵੈ-ਰੋਜਗਾਰ ਯੋਗ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਬਿਊਟੀ ਐਂਡ ਵੈਲਨੈੱਸ ਖੇਤਰ ਵਿੱਚ ਹੁਨਰਵਾਨ ਵਿਦਿਆਰਥਣਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਇਹ ਕਿੱਟਾਂ ਵਿਦਿਆਰਥਣਾਂ ਨੂੰ ਨਿੱਜੀ ਅਤੇ ਕਿੱਤਾ ਮੁਖੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਮਦਦ ਕਰਣਗੀਆਂ।
ਇਸ ਮੌਕੇ ‘ਤੇ ਵਿਦਿਆਰਥਣਾਂ ਨੇ ਆਪਣੀ ਉਤਸ਼ਾਹ ਭਰੀ ਭਾਗੀਦਾਰੀ ਦਰਸਾਈ ਅਤੇ ਇਸ ਪ੍ਰਯਾਸ ਦੀ ਭਰਪੂਰ ਸਰਾਹਨਾ ਕੀਤੀ। ਸਕੂਲ ਪ੍ਰਿੰਸੀਪਲ ਵੱਲੋਂ ਦੱਸਿਆ ਗਿਆ ਕਿ ਅੱਗੇ ਵੀ ਵਿਦਿਆਰਥਣਾਂ ਨੂੰ ਹੋਰ ਸਿਖਲਾਈ ਅਤੇ ਸਮਰਥਨ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਉਹ ਆਪਣੇ ਕੌਸ਼ਲ ਨੂੰ ਹੋਰ ਵਿਕਸਤ ਕਰ ਸਕਣ। ਇਸ ਪ੍ਰੋਗਰਾਮ ਦੌਰਾਨ ਬਲਾਕ ਨੋਡਲ ਅਫ਼ਸਰ ਰਾਜਪੁਰਾ -1 ਰਚਨਾ ਰਾਣੀ, ਮਨਪ੍ਰੀਤ ਕੌਰ ਸਕੂਲ ਟ੍ਰੇਨਰ, ਕੁਲਦੀਪ ਕੁਮਾਰ ਵਰਮਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।