ਬਰਮ ਤੇ ਲੱਗੇ ਦਰਖਤ ਬਰਕਰਾਰ ਰਹਿਣਗੇ ਅਤੇ ਵਿਭਾਗ ਦੇ ਨਿਯਮਾਂ ਬਿਨਾਂ ਤੋਂ ਇੱਕ ਵੀ ਦਰਖਤ ਨਹੀਂ ਕੱਟਿਆ ਜਾਵੇਗਾ, ਈਓ ਗਮਾਡਾ ਨੇ ਦਿੱਤਾ ਭਰੋਸਾ
ਮੋਹਾਲੀ, 20 ਫਰਵਰੀ ,ਬੋਲੇ ਪੰਜਾਬ ਬਿਊਰੋ :
ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦੀਕ ਲੱਗੇ ਦਰਖਤਾਂ ਨੂੰ ਬਚਾਉਣ ਲਈ ਐਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਨਿਰੰਤਰ ਪਰਿਆਸ ਕੀਤੇ ਜਾ ਰਹੇ ਹਨ। ਮੋਰਚਾ ਸਥਾਨ ਤੇ ਅੱਜ ਵਾਤਾਵਰਣ ਪ੍ਰੇਮੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਐਸੀ ਬੀਸੀ ਮੋਰਚੇ ਵੱਲੋਂ ਵਾਤਾਵਰਨ ਸੁਰੱਖਿਆ ਲਈ ਇਕੱਠ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਪ੍ਰਤੀ ਦਿਖਾਈ ਜਾ ਰਹੀ ਅਣਗਹਿਲੀ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਵਫਦ ਦੇ ਆਗੂਆਂ ਨੇ ਪੁੱਡਾ ਗਮਾਡਾ ਨੂੰ ਇਸ ਤੇ ਰੋਕ ਲਗਾਉਣ ਲਈ ਅਪੀਲ ਕੀਤੀ। ਜਾਣਕਾਰੀ ਦਿੰਦੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਬਿਊਨਲ ਦੇ ਮਾਨਯੋਗ ਚੇਅਰਮੈਨ, ਮੁੱਖ ਮੰਤਰੀ ਪੰਜਾਬ, ਮੰਤਰੀ ਵਣ ਵਿਭਾਗ ਪੰਜਾਬ, ਚੀਫ ਸੈਕਟਰੀ ਪੰਜਾਬ, ਡਾਇਰੈਕਟਰ ਵਣ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਮੋਹਾਲੀ ਅਤੇ ਐਸਐਸਪੀ ਮੋਹਾਲੀ ਨੂੰ ਮੋਰਚੇ ਵੱਲੋਂ ਦਰੱਖਤਾਂ ਦੀ ਸੁਰੱਖਿਆ ਬਾਰੇ ਦਰਖਾਸਤਾਂ ਭੇਜੀਆਂ ਗਈਆਂ ਹਨ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਅੱਜ ਮੋਰਚਾ ਆਗੂ ਵੱਖ ਵੱਖ ਜਥੇਬੰਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਫਦ ਨੇ ਇੱਕਜੁੱਟ ਹੋ ਕੇ ਵਾਤਾਵਰਣ ਨੂੰ ਬਚਾਉਣ ਲਈ ਮਾਨਯੋਗ ਈਓ ਗਮਾਡਾ ਸ੍ਰੀ ਸ਼ਿਵਰਾਜ ਸਿੰਘ ਬੱਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਵਫਦ ਮੈਂਬਰਾਂ ਨੇ ਈਓ ਗਮਾਡਾ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਤੇ ਈਓ ਸਾਹਿਬ ਨੇ ਬਿਨਾਂ ਕਿਸੇ ਨਿਯਮਾਂ ਤੋਂ ਕੋਈ ਦਰੱਖਤ ਨਾ ਕੱਟੇ ਜਾਣ ਦਾ ਵਫਦ ਨੂੰ ਭਰੋਸਾ ਦਿੱਤਾ। ਸ. ਕੁੰਭੜਾ ਨੇ ਕਿਹਾ ਕਿ ਜੇਕਰ ਈਓ ਗਮਾਡਾ ਵੱਲੋਂ ਇਸ ਸੰਬੰਧੀ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਮੋਰਚਾ ਆਗੂ ਬਾਕੀ ਜਥੇਬੰਦੀਆਂ ਦੇ ਆਗੂਆਂ ਨਾਲ ਮਿਲ ਕੇ ਵਾਤਾਵਰਨ ਦੀ ਸੁਰੱਖਿਆ ਲਈ ਵੱਡਾ ਸੰਘਰਸ਼ ਵਿੱਡਣਗੇ ਤੇ ਜਥੇਬੰਦੀਆਂ ਸੜਕਾਂ ਤੇ ਬੈਠਣ ਲਈ ਮਜਬੂਰ ਹੋ ਜਾਣਗੀਆਂ।
ਇਸ ਮੌਕੇ ਨਿਹੰਗ ਸਿੰਘ ਜਥੇਬੰਦੀ ਬਾਬਾ ਧੱਕੜ ਸਿੰਘ ਜੀ ਦੇ ਮੁਖੀ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਆਪਣੇ ਸਿੰਘਾਂ ਸਮੇਤ ਅਤੇ ਸ. ਅਵਤਾਰ ਸਿੰਘ ਨਗਲਾ ਚੇਅਰਮੈਨ ਸੀਐਲਯੂ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਮੋਰਚੇ ਵੱਲੋਂ ਦਰੱਖਤਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਐਸਡੀਓ ਮੁਕੇਸ਼ ਕੁਮਾਰ, ਸਵਿੰਦਰ ਸਿੰਘ ਲੱਖੋਵਾਲ, ਸੁਖਦੇਵ ਸਿੰਘ ਚਪੜਚਿੜੀ, ਹਰਨੇਕ ਸਿੰਘ ਮਲੋਆ, ਪ੍ਰਿੰਸੀਪਲ ਬਨਵਾਰੀ ਲਾਲ, ਮਨਜੀਤ ਸਿੰਘ ਮੇਵਾ, ਕਰਮਜੀਤ ਸਿੰਘ, ਰਣਜੀਤ ਸਿੰਘ ਖੰਨਾ, ਪ੍ਰੋਫੈਸਰ ਗੁਲਾਬ ਸਿੰਘ, ਮਨਜੀਤ ਸਿੰਘ, ਬਾਬੂ ਵੇਦ ਪ੍ਰਕਾਸ਼, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਮਮਤਾ, ਸੁਰਿੰਦਰ ਸਿੰਘ ਛਿੰਦਾ, ਮਨਦੀਪ ਸਿੰਘ, ਬਲਵਿੰਦਰ ਸਿੰਘ, ਮਾ. ਪੁਸ਼ਪਿੰਦਰ ਕੁਮਾਰ, ਸੁਰਿੰਦਰ ਸਿੰਘ ਕੰਡਾਲਾ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ।