ਚੰਡੀਗੜ੍ਹ, 20 ਫਰਵਰੀ,ਬੋਲੇ ਪੰਜਾਬ ਬਿਊਰੋ ;
ਪੰਜਾਬ ‘ਚ ਸਰਗਰਮ ਹੋਈ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਰਕੇ ਬੁਧਵਾਰ ਰਾਤ ਅਤੇ ਅੱਜ ਵੀਰਵਾਰ ਸਵੇਰ ਨੂੰ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਇਸ ਕਰਕੇ ਤਾਪਮਾਨ ਵਿੱਚ ਗਿਰਾਵਟ ਆਈ। ਅਧਿਕਤਮ ਤਾਪਮਾਨ ਵਿੱਚ 1.1 ਡਿਗਰੀ ਅਤੇ ਘੱਟੋ-ਘੱਟ ਤਾਪਮਾਨ ਵਿੱਚ 0.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਉਥੇ ਹੀ, ਮੀਂਹ ਤੋਂ ਬਾਅਦ ਵੱਗੀਆਂ ਠੰਡੀਆਂ ਹਵਾਵਾਂ ਕਾਰਨ ਠੰਡ ਵਧ ਗਈ ਹੈ।
ਮੌਸਮ ਵਿਭਾਗ ਨੇ ਅੱਜ 13 ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਹੈ। ਇਸ ਦੇ ਤਹਿਤ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਫਤਹਿਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ ਵਿੱਚ 30 ਤੋਂ 40 ਕਿ.ਮੀ. ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲਣਗੀਆਂ ਅਤੇ ਆਕਾਸ਼ ‘ਚ ਬਿਜਲੀ ਚਮਕਣ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਵੇਗੀ।
ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਮੀਂਹ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ 3-3 ਡਿਗਰੀ ਦੀ ਗਿਰਾਵਟ ਹੋ ਸਕਦੀ ਹੈ। ਪੰਜਾਬ ਵਿੱਚ ਬੁਧਵਾਰ ਨੂੰ ਸਭ ਤੋਂ ਵੱਧ 27.8 ਡਿਗਰੀ ਤਾਪਮਾਨ ਪਟਿਆਲਾ ਅਤੇ ਰੂਪਨਗਰ ਵਿੱਚ ਦਰਜ ਕੀਤਾ ਗਿਆ।
