ਐਸ.ਏ.ਐਸ.ਨਗਰ, 20 ਫਰਵਰੀ, ਬੋਲੇ ਪੰਜਾਬ ਬਿਊਰੋ :
ਆਪਣੀ ਕਿਸਮ ਦੀ ਨਿਵੇਕਲੀ ਪਹਿਲਕਦਮੀ ਤਹਿਤ ਪੁਲਿਸ ਥਾਣਾ ਢਕੋਲੀ ਨੇ ਲੰਬੇ ਸਮੇਂ ਤੋਂ ਅਣਪਛਾਤੇ ਪਏ ਸਕਰੈਪ ਵਾਹਨਾਂ ਦੀ ਸਫ਼ਲ ਨਿਲਾਮੀ ਕੀਤੀ।
ਨਿਲਾਮੀ ਦਾ ਪ੍ਰਬੰਧ ਨਿਆਂਪਾਲਿਕਾ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ, ਇੱਕ ਕਮੇਟੀ ਜਿਸ ਵਿੱਚ ਸ਼੍ਰੀਮਤੀ ਜੋਤੀ ਯਾਦਵ ਆਈ.ਪੀ.ਐਸ. (ਚੇਅਰਪਰਸਨ), ਸਬ ਡਵੀਜ਼ਨ ਡੀ.ਐਸ.ਪੀ. ਜ਼ੀਰਕਪੁਰ, ਮੋਟਰ ਵਹੀਕਲ ਅਫ਼ਸਰ (ਏ.ਆਰ.ਟੀ.ਓ.) ਅਤੇ ਮੋਟਰ ਟਰਾਂਸਪੋਰਟ ਅਫ਼ਸਰ ਸ਼ਾਮਿਲ ਸਨ, ਤੇ ਅਧਾਰਿਤ ਕਮੇਟੀ ਵੱਲੋਂ ਕੀਤਾ ਗਿਆ।
ਡੀਐਸਪੀ ਪ੍ਰੀਤ ਕੰਵਰ ਸਿੰਘ, ਐਸਐਚਓ ਢਕੋਲੀ ਦੀ ਦੇਖ-ਰੇਖ ਹੇਠ ਹੋਈ ਇਸ ਨਿਲਾਮੀ ਵਿੱਚ ਮੋਟਰਸਾਈਕਲ, ਸਕੂਟੀ, ਆਟੋ ਸਮੇਤ 43 ਵਾਹਨ ਸ਼ਾਮਲ ਸਨ। ਨਿਲਾਮੀ ਵਿੱਚ 31 ਬੋਲੀਕਾਰ ਆਏ, ਜਿਨ੍ਹਾਂ ਨੇ ਬੋਲੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਐਸਪੀ ਜੋਤੀ ਯਾਦਵ ਨੇ ਦੱਸਿਆ ਕਿ ਸਾਰੇ ਸਮਾਨ ਲਈ ਰਾਖਵੀਂ ਕੀਮਤ ਰੁਪਏ 1,19,000 ਰੱਖੀ ਗਈ ਸੀ, ਪਰ ਨਿਲਾਮੀ 5,60,000 ਰੁਪਏ ਦੀ ਅੰਤਮ ਬੋਲੀ ਦੀ ਰਕਮ ਨਾਲ ਸਮਾਪਤ ਹੋਈ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਮਾਲੀਆ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਯੋਗਦਾਨ ਪਾਵੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਫਲ ਨਿਲਾਮੀ ਢਕੋਲੀ ਪੁਲਿਸ ਦੀ ਲਾਵਾਰਿਸ ਵਾਹਨਾਂ ਦੇ ਪ੍ਰਬੰਧਨ ਅਤੇ ਨਿਪਟਾਰਾ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨਿਲਾਮੀ ਦੀ ਸਫਲਤਾ ਪੁਲਿਸ ਵਿਭਾਗ, ਨਿਆਂਪਾਲਿਕਾ ਅਤੇ ਹੋਰ ਹਿੱਸੇਦਾਰਾਂ ਵਿਚਕਾਰ ਪ੍ਰਭਾਵਸ਼ਾਲੀ ਸਹਿਯੋਗ ਦਾ ਪ੍ਰਮਾਣ ਹੈ।