ਤਲਵੰਡੀ ਸਾਬੋ, 20 ਫਰਵਰੀ,ਬੋਲੇ ਪੰਜਾਬ ਬਿਊਰੋ :
ਤਲਵੰਡੀ ਸਾਬੋ ਪੁਲਿਸ ਨੇ ਬੀਤੀ ਰਾਤ ਉਪਮੰਡਲ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਕੋਲ ਖੇਤਾਂ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ, ਜਿਸਦੇ ਚਿਹਰੇ ‘ਤੇ ਗੰਭੀਰ ਸੱਟਾਂ ਦੇ ਚਲਦੇ ਪੁਲਿਸ ਨੇ ਇਸਨੂੰ ਕਤਲ ਕਰਾਰ ਦਿੰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡੀ.ਐਸ.ਪੀ. ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦੱਸਿਆ ਕਿ ਬੀਤੀ ਰਾਤ ਲਗਭਗ 11:30 ਵਜੇ ਕਿਸੇ ਨੇ ਪੁਲਿਸ ਅਧਿਕਾਰੀ ਤਲਵੰਡੀ ਸਾਬੋ ਜਸਕੌਰ ਸਿੰਘ ਨੂੰ ਜਾਣਕਾਰੀ ਦਿੱਤੀ ਕਿ ਪਿੰਡ ਜੀਵਨ ਸਿੰਘ ਵਾਲਾ ਦੇ ਨੇੜੇ ਬਠਿੰਡਾ ਰੋਡ ‘ਤੇ ਪਲੇਟਿਨਮ ਮੋਟਰਸਾਈਕਲ ਸ਼ੱਕੀ ਹਾਲਤ ‘ਚ ਡਿੱਗਿਆ ਪਿਆ ਹੈ।
ਜਸਕੌਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮੋਟਰਸਾਈਕਲ ਦੇ ਆਲੇ-ਦੁਆਲੇ ਇਲਾਕੇ ਦੀ ਜਾਂਚ ਸ਼ੁਰੂ ਕੀਤੀ, ਤਾਂ ਉਨ੍ਹਾਂ ਨੂੰ ਖੇਤਾਂ ‘ਚ ਇੱਕ ਵਿਅਕਤੀ ਦੀ ਲਾਸ਼ ਮਿਲੀ, ਜਿਸਦੇ ਚਿਹਰੇ ‘ਤੇ ਜਖਮ ਸਨ ਅਤੇ ਲੱਗ ਰਿਹਾ ਸੀ ਕਿ ਉਸਦੀ ਬੇਰਹਮੀ ਨਾਲ ਕੁੱਟ-ਮਾਰ ਕਰਕੇ ਹੱਤਿਆ ਕੀਤੀ ਗਈ ਹੈ।
ਜਾਣਕਾਰੀ ਮਿਲਣ ‘ਤੇ ਤਲਵੰਡੀ ਸਾਬੋ ਥਾਣਾ ਇੰਚਾਰਜ ਪਰਬਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਵਰਕਰ ਹੈੱਪੀ ਸਿੰਘ ਰਾਹੀਂ ਸ਼ਨਾਖਤ ਅਤੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਤਲਵੰਡੀ ਸਾਬੋ ਦੇ ਮੋਰਚਰੀ ਵਿੱਚ ਰਖਵਾਇਆ।
