ਦੇਸ਼ ਦੀ ਅਜਾਦੀ ਚ ਅਹਿਮ ਭੂਮਿਕਾ ਨਿਭਾਉਣ ਵਾਲਾ ਅਕਾਲੀ ਦਲ ਅੱਜ ਸੰਕਟ ਦੇ ਦੌਰ ਚੋਂ ਗੁਜ਼ਰ ਰਿਹਾ ਹੈ।ਜਿਸ ਲਈ ਕੋਈ ਹੋਰ ਨਹੀਂ ਸਗੋਂ ਅਕਾਲੀ ਆਗੂ ਖੁਦ ਜਿੰਮੇਵਾਰ ਹਨ।ਮੌਜੂਦਾ ਸਮੇਂ ਅਕਾਲੀ ਆਗੂਆਂ ਦੀ ਹਉਮੈ ਹੀ ਪਾਰਟੀ ਨੂੰ ਦਿਨ ਬਦਿਨ ਕਮਜ਼ੋਰ ਕਰ ਰਹੀ ਹੈ।ਗਲਤੀ ਤੇ ਗਲਤੀ ਪਾਰਟੀ ਦੇ ਜਹਾਜ਼ ਨੂੰ ਹੋਰ ਡੋਬਣ ਵੱਲ ਲੈ ਕੇ ਜਾ ਰਹੀ ਹੈ।ਕੋਈ ਸਮਾਂ ਸੀ ਜਦੋਂ ਦੇਸ਼ ਦੀਆਂ ਰਾਸ਼ਟਰੀ ਪਾਰਟੀਆਂ ਚ ਅਕਾਲੀ ਦਲ ਦੀ ਪੂਰੀ ਪੈਂਹਠ ਹੋਇਆ ਕਰਦੀ ਸੀ।ਸੰਤ ਫ਼ਤਿਹ ਸਿੰਘ,ਮਾਸਟਰ ਤਾਰਾ ਸਿੰਘ ,ਜਥੇਦਾਰ ਗੁਰਚਰਨ ਸਿੰਘ ਟੌਹੜਾ ,ਜਥੇਦਾਰ ਜਗਦੇਵ ਸਿੰਘ ਤਲਵੰਡੀ ,ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਿੱਚ ਲੱਖ ਮਤ ਭੇਦ ਹੋਣ ਦੇ ਬਾਵਜੂਦ ਉਨਾਂ ਹਮੇਸ਼ਾਂ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੀ ਤੇ ਬਹੁਤ ਸਾਰੀਆਂ ਜਿੱਤਾਂ ਵੀ ਜਿੱਤੀਆਂ।ਪਰ ਅਕਾਲੀ ਦਲ ਅੱਜ ਜਿੰਨਾ ਕਮਜ਼ੋਰ ਕਦੇ ਨਹੀਂ ਹੋਇਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਨੂੰ ਅੱਖੋਂ ਪਰੋਖੇ ਕਰਕੇ ਕੀਤੀ ਜਾ ਰਹੀ ਪਾਰਟੀ ਦੀ ਮੈਂਬਰਸ਼ਿਪ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਜਾਏ ਹੋਰ ਕਮਜ਼ੋਰ ਕਰ ਰਹੀ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਸਰਬਉੱਚ ਹੈ।ਸਿੱਖ ਰਾਜਨੀਤੀ ਇਸ ਦੇ ਅਲੇ ਦੁਆਲੇ ਘੁੰਮਦੀ ਹੈ।ਅਕਾਲੀ ਦਲ ਇਸ ਤੋਂ ਦੂਰ ਨਹੀਂ ਭੱਜ ਸਕਦਾ ਤੇ ਨਾ ਹੀ ਇੱਥੋ ਜਾਰੀ ਹੁਕਮਨਾਮਿਆਂ ਨੂੰ ਅੱਖੋਂ ਉਹਲੇ ਕਰ ਸਕਦਾ ਹੈ।ਅਕਾਲੀ ਆਗੂਆਂ ਨੂੰ ਇਹ ਗੱਲ ਬਿਲਕੁਲ ਨਹੀਂ ਭੁੱਲਣੀ ਚਾਹੀਦੀ।ਇਸ ਲਈ ਜੇ ਅਕਾਲੀ ਦਲ ਨੇ ਸਰਵਾਈਵ ਕਰਨਾ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ 2ਦਸੰਬਰ ਵਾਲੇ ਹੁਕਮਨਾਮੇ ਉੱਤੇ ਅਮਲ ਕਰਕੇ ਪਾਰਟੀ ਭਰਤੀ ਕਰੇ ਨਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭੰਗੋੜਾ ਬਣ ਕੇ।ਇਹ ਗੱਲ ਵੀ ਜਰੂਰੀ ਹੈ ਕੇ ਜਿੰਨੀ ਜਲਦੀ ਹੋ ਸਕਦਾ ਅਕਾਲੀ ਦਲ ਆਪਣੇ ਕਾਟੋ ਕਲੇਸ਼ ਨੂੰ ਮੁਕਾਵੇ।ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਵੱਲੋਂ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤੇ ਜਾਣ ਨਾਲ ਅਕਾਲੀ ਦਲ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਦਿਸ ਰਹੀਆਂ ਹਨ।ਬੇਸ਼ੱਕ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।ਪਰ ਇਹ ਕਿਥੋ ਤੱਕ ਕਾਮਯਾਬ ਹੁੰਦੀਆਂ ਹਨ ਇਹ ਵਕਤ ਦੱਸੇਗਾ।ਫਿਲਹਾਲ ਅਕਾਲੀ ਦਲ ਚੱਕਰਵਿਊ ਚ ਫਸ ਕੇ ਘੁੰਮਣ ਘੇਰੀਆਂ ਖਾ ਰਿਹਾ ਹੈ।ਅਕਾਲੀ ਆਗੂਆਂ ਨੂੰ ਇਹ ਗੱਲ ਪੱਲ੍ਹੇ ਬਣ ਲੈਣੀ ਚਾਹੀਦੀ ਹੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦੋ ਦਸੰਬਰ 2024 ਵਾਲੇ ਹੁਕਮਨਾਮੇ ਨੂੰ ਮੰਨੇ ਬਿਨਾ ਕੋਈ ਗਤੀ ਨਹੀਂ। ਉਸ ਤੋ ਬਿਨਾ ਅਕਾਲੀ ਦਲ ਸਰਵਾਈਵ ਨਹੀਂ ਕਰ ਸਕੇਗਾ।ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਸਦੇ ਸਾਥੀਆਂ ਨੂੰ ਕੰਧ ਤੇ ਲਿਖਿਆ ਵਿਚਾਰ ਲੈਣਾ ਚਾਹੀਦਾ ਹੈ।ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਬਰਖ਼ਾਸਤ ਕਰਨਾ ਅਤੇ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦਾ ਅਸਤੀਫਾ ਸੁਖਬੀਰ ਸਿੰਘ ਬਾਦਲ ਦੇ ਗਲੇ ਦੀ ਹੱਡੀ ਬਣ ਸਕਦਾ ਹੈ!
ਦੇਸ਼ ਦੀ ਰਾਜਨੀਤੀ ਚ ਵੱਡੀ ਭੂਮਿਕਾ ਨਿਭਾਉਣ ਵਾਲਾ ਅਕਾਲੀ ਦਲ ਅੱਜ ਨਾ ਸਿਰਫ ਪੰਜਾਬ ਬਲਕੇ ਦੇਸ਼ ਦੀ ਰਾਜਨੀਤੀ ਚ ਵੀ ਹਾਸ਼ੀਏ ਤੇ ਪੁੱਜ ਚੁੱਕਾ ਹੈ।ਲੋਕ ਸਭਾ ਚ ਸਿਰਫ ਇਕ ਸੰਸਦ ਮੈਂਬਰ ਤੇ ਪੰਜਾਬ ਵਿਧਾਨ ਸਭਾ ਚ ਮਹਿਜ ਕੇਵਲ ਦੋ ਐਮਐਲਏਜ਼ ਦੀ ਨਿਗੁਣੀ ਗਿਣਤੀ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਹੈ।ਅਕਾਲੀ ਦਲ ਦੀ ਬਦ ਤੋਂ ਬਦਤਰ ਹੋ ਰਹੀ ਸਿਆਸੀ ਹਾਲਤ ਸੂਬੇ ਦੇ ਲੋਕਾਂ ਲਈ ਵੀ ਕੋਈ ਚੰਗਾ ਸੁਨੇਹਾ ਨਹੀਂ ਹੈ।ਕਿਉਂਕਿ ਇੱਕ ਮਜ਼ਬੂਤ ਖੇਤਰੀ ਪਾਰਟੀ ਤੋਂ ਬਿਨਾ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ।ਅੱਜ ਲੋੜ ਹੈ ਅਕਾਲੀ ਆਗੂ ਆਪਣੀ ਹਊਮੈ ਨੂੰ ਤਿਆਗ ਕੇ ਤੇ ਨਿੱਜੀ ਹਿੱਤਾਂ ਨੂੰ ਲਾਂਭੇ ਰੱਖ ਕੇ ਪਾਰਟੀ ਚ ਏਕਤਾ ਕਰਨ ਵੱਲ ਉਚੇਚੇ ਉਪਰਾਲੇ ਕਰਨ।ਸੂਬੇ ਦੀ ਨਰੋਈ ਸਿਆਸਤ ਲਈ ਅਕਾਲੀ ਦਲ ਦੀ ਨਾ ਕੇਵਲ ਹੋਂਦ ਜਰੂਰੀ ਹੈ ਸਗੋਂ ਅਕਾਲੀ ਦਲ ਦਾ ਸੂਬੇ ਦੀ ਸਿਆਸਤ ਚ ਇੱਕ ਮਜ਼ਬੂਤ ਵਿਰੋਧੀ ਧਿਰ ਵਜੋਂ ਭਾਗੀਦਾਰੀ ਹੋਣਾ ਵੀ ਲਾਜ਼ਮੀ ਹੈ ਤਾਂ ਜੋ ਸੂਬੇ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।ਇਸ ਲਈ ਅਕਾਲੀ ਦਲ ਵਿਚਲਾ ਸੰਕਟ ਸੂਬੇ ਦੇ ਹਿੱਤ ਚ ਨਹੀਂ ਹੈ।
ਲੈਕਚਰਾਰ ਅਜੀਤ ਖੰਨਾ
(ਐਮਏ,ਐਮਫਿਲ,ਐਮਜੇਐਮਸੀ,ਬੀ ਐਡ)
ਮੋਬਾਈਲ 76967-54669