ਚੰਡੀਗੜ੍ਹ, 19 ਫਰਵਰੀ,ਬੋਲੇ ਪੰਜਾਬ ਬਿਊਰੋ :
ਹਰਿਆਣਾ ਦੇ ਫ਼ਰੀਦਾਬਾਦ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ।ਇਥੇ 14 ਸਾਲਾ ਪੁੱਤਰ ਨੇ ਆਪਣੇ ਪਿਤਾ ਨੂੰ ਜ਼ਿੰਦਾ ਸਾੜ ਦਿੱਤਾ। ਸੋਮਵਾਰ ਰਾਤ ਦੋ ਵਜੇ ਮੁਲਜ਼ਮ ਨੇ ਪਿਤਾ ਦੇ ਕਮਰੇ ਦੀ ਕੁੰਡੀ ਲਗਾ ਕੇ ਉਤੇ ਕੈਰੋਸੀਨ ਪਾ ਕੇ ਅੱਗ ਲਾ ਦਿੱਤੀ। ਮਕਾਨ ਮਾਲਿਕ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ।
ਮਾਰਿਆ ਗਿਆ ਵਿਅਕਤੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦਾ ਰਹਿਣ ਵਾਲਾ ਸੀ, ਜੋ ਫਰੀਦਾਬਾਦ ਵਿੱਚ ਫੇਰੀ ਲਾ ਕੇ ਮੱਛਰਦਾਨੀਆਂ ਤੇ ਹੋਰ ਚੀਜ਼ਾਂ ਵੇਚਦਾ ਸੀ। ਉਸ ਦਾ ਪੁੱਤਰ ਦਿੱਲੀ ਦੇ ਸਰਕਾਰੀ ਸਕੂਲ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਪੁਲਿਸ ਅਨੁਸਾਰ, ਬੱਚਾ ਆਵਾਰਾਗਰਦੀ ਕਰਦਾ ਸੀ, ਜਿਸ ਕਰਕੇ ਪਿਤਾ ਉਸ ਨੂੰ ਅਕਸਰ ਟੋਕਦਾ ਤੇ ਕੁੱਟਦਾ ਸੀ। ਸੋਮਵਾਰ ਸ਼ਾਮ ਨੂੰ ਵੀ ਪੈਸੇ ਚੋਰੀ ਕਰਨ ਕਾਰਨ ਪਿਤਾ ਨੇ ਪੁੱਤਰ ਨੂੰ ਕੁੱਟਿਆ ਸੀ।
ਰਾਤ ਨੂੰ ਪਿਤਾ ਦੇ ਚੀਕਣ ਦੀ ਆਵਾਜ਼ ਸੁਣ ਕੇ ਮਕਾਨ ਮਾਲਿਕ ਉੱਪਰ ਪਹੁੰਚੇ, ਜਿਥੇ ਕਮਰੇ ਵਿੱਚ ਅੱਗ ਲੱਗੀ ਹੋਈ ਸੀ। ਲੋਕਾਂ ਨੇ ਕਿਸੇ ਤਰ੍ਹਾਂ ਦਰਵਾਜ਼ਾ ਤੋੜਿਆ, ਪਰ ਤਦ ਤੱਕ ਪਿਤਾ ਦੀ ਮੌਤ ਹੋ ਚੁੱਕੀ ਸੀ। ਪੁੱਤਰ ਘਟਨਾ ਤੋਂ ਬਾਅਦ ਆਪਣੇ ਵੱਡੇ ਭਰਾ ਕੋਲ ਭੱਜ ਗਿਆ ਅਤੇ ਉਸ ਨੂੰ ਸਾਰਾ ਕੁਝ ਦੱਸ ਦਿੱਤਾ। ਵੱਡਾ ਭਰਾ ਉਸ ਨੂੰ ਲੈ ਕੇ ਵਾਪਸ ਆਇਆ, ਜਿਥੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਤਰ ਨੇ ਅਪਰਾਧ ਕਬੂਲ ਕਰ ਲਿਆ ਹੈ ਅਤੇ ਹੁਣ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
