ਨਵੀਂ ਦਿੱਲੀ, 19 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਦਿੱਲੀ ਦੇ ਸਾਬਕਾ ਸਿਹਤ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤੇਂਦਰ ਜੈਨ ਦੇ ਖਿਲਾਫ਼ ਮਨੀ ਲਾਂਡ੍ਰਿੰਗ ਦੇ ਮਾਮਲੇ ’ਚ ਕੋਰਟ ’ਚ ਕੇਸ ਦੀ ਸੁਣਵਾਈ ਦਾ ਰਸਤਾ ਸਾਫ਼ ਹੋ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਤੇਂਦਰ ਜੈਨ ਦੇ ਖਿਲਾਫ਼ ਕੇਸ ਚਲਾਉਮ ਦੀ ਜ਼ਰੂਰੀ ਇਜਾਜ਼ਤ ਦੇ ਦਿੱਤੀ ਹੈ। ਸਤੇਂਦਰ ਜੈਨ ਦੇ ਖਿਲਾਫ਼ ਹਵਾਲਾ ਰਾਹੀਂ ਕਾਲੀ ਕਮਾਈ ਨੂੰ ਚਿੱਟੀ ਕਰਨ ਤੇ ਉਸ ਤੋਂ ਦਿੱਲੀ ’ਚ ਜ਼ਮੀਨ ਖਰੀਦਣ ਦਾ ਦੋਸ਼ ਹੈ। ਇਸ ਮਾਮਲੇ ’ਚ ਈਡੀ ਪਹਿਲਾਂ ਹੀ ਸਤੇਂਦਰ ਜੈਨ ਦੀ 4.6 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ।
ਈਡੀ ਦੀ ਅਪੀਲ ’ਤੇ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਤੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 218 ਦੇ ਤਹਿਤ ਸਤੇਂਦਰ ਜੈਨ ਦੇ ਖਿਲਾਫ਼ ਮਨੀ ਲਾਂਡ੍ਰਿੰਗ ਦਾ ਕੇਸ ਚਲਾਉਣ ਲਈ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਸੀ।ਰਾਸ਼ਟਰਪਤੀ ਦੀ ਇਜਾਜ਼ਤ ਮਿਲਣ ਦੇ ਬਾਅਦ ਇਸ ਮਾਮਲੇ ’ਚ ਟਰਾਇਲ ਕੋਰਟ ’ਚ ਸੁਣਵਾਈ ਸ਼ੁਰੂ ਹੋ ਸਕੇਗੀ। ਈਡੀ ਨੇ ਆਪਣੀ ਚਾਰਜਸ਼ੀਟ ’ਚ ਸਤੇਂਦਰ ਜੈਨ ਦੇ ਖਿਲਾਫ਼ ਕੋਲਕਾਤਾ ਦੀਆਂ ਕੰਪਨੀਆਂ ਰਾਹੀਂ ਹਵਾਲਾ ਰਾਹੀਂ ਪੈਸਾ ਮੰਗਵਾਉਣ ਤੇ ਉਸਦਾ ਦਿਲੀ ’ਚ ਜ਼ਮੀਨ ਖਰੀਦਣ ’ਚ ਇਸਤੇਮਾਲ ਕਰਨ ਦੇ ਦੋਸ਼ ’ਚ ਪੁਖਤਾ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਈਡੀ ਨੇ ਸਤੇਂਦਰ ਨੂੰ ਮਈ 2022 ’ਚ ਗ੍ਰਿਫ਼ਤਾਰ ਕੀਤਾ ਸੀ ਤੇ ਫਿਲਹਾਲ ਉਹ ਜ਼ਮਾਨਤ ’ਤੇ ਹਨ।
