ਧਰਮਸ਼ਾਲਾ, 18 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਵਿੱਚ ਤ੍ਰਿਉਂਡ ਯਾਤਰਾ ਦੌਰਾਨ ਆਪਣੇ ਦੋਸਤ ਨਾਲ ਆਏ ਬ੍ਰਿਟੇਨ ਦੇ ਇੱਕ ਯਾਤਰੀ ਦੀ ਹਾਦਸੇ ਵਿੱਚ ਮੌਤ ਹੋ ਗਈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਮ੍ਰਿਤਕ ਦੀ ਪਹਿਚਾਣ 27 ਸਾਲਾ ਹਾਵਰਡ ਥਾਮਸ ਹੈਰੀ ਵਜੋਂ ਹੋਈ ਹੈ, ਜਦਕਿ ਜ਼ਖਮੀ ਦੀ ਪਹਿਚਾਣ 27 ਸਾਲਾ ਰਾਬਰਟ ਜਾਨ ਐਮਰਟਨ ਵਜੋਂ ਹੋਈ ਹੈ, ਜਿਸ ਦਾ ਇਲਾਜ ਧਰਮਸ਼ਾਲਾ ਦੇ ਜੋਨਲ ਹਸਪਤਾਲ ਵਿੱਚ ਚੱਲ ਰਿਹਾ ਹੈ।
ਕਾਂਗੜਾ ਦੀ ਪੁਲੀਸ ਮੁਖੀ (ਐਸਪੀ) ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਪੁਲੀਸ ਅਤੇ ਐਸਡੀਆਰਐਫ ਦੀਆਂ ਟੀਮਾਂ ਉਨ੍ਹਾਂ ਨੂੰ ਬਚਾਉਣ ਲਈ ਭੇਜੀਆਂ ਗਈਆਂ ਸਨ, ਪਰ ਬਦਕਿਸਮਤੀ ਨਾਲ ਧਰਮਸ਼ਾਲਾ ਪਹੁੰਚਣ ਤੋਂ ਪਹਿਲਾਂ ਹੀ ਇੱਕ ਵਿਦੇਸ਼ੀ ਦੀ ਮੌਤ ਹੋ ਗਈ। ਮੁੱਢਲੀ ਜਾਂਚ ‘ਚ ਲੱਗਦਾ ਹੈ ਕਿ ਉਹ ਚਟਾਨ ਤੋਂ ਡਿੱਗਣ ਕਰਕੇ ਜ਼ਖਮੀ ਹੋਏ ਸਨ। ਪੁਲੀਸ ਮੁਤਾਬਕ, ਦੋਵੇਂ ਵਿਦੇਸ਼ੀ ਬ੍ਰਿਟੇਨ ਦੇ ਨਿਵਾਸੀ ਸਨ, ਜੋ ਟੂਰਿਸਟ ਵੀਜ਼ਾ ‘ਤੇ ਭਾਰਤ ਆਏ ਹੋਏ ਸਨ।
