ਮੋਹਾਲੀ, 18 ਫਰਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਤੋਂ ਕੱਢੇ ਗਏ ਮੋਹਾਲੀ ਦੇ ਨੌਜਵਾਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਹਰਿਆਣਾ ਦੇ ਅੰਬਾਲਾ ਦੇ ਦੋ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਜਿੰਦਰ ਅਤੇ ਮੁਕੁਲ ਵਾਸੀ ਅੰਬਾਲਾ ਛਾਉਣੀ ਵਜੋਂ ਹੋਈ ਹੈ। ਦੋਵਾਂ ਏਜੰਟਾਂ ਨੇ ਨੌਜਵਾਨ ਨੂੰ 45 ਲੱਖ ਰੁਪਏ ਲੈ ਕੇ ਅਮਰੀਕਾ ਭੇਜਿਆ ਸੀ। ਪੀੜਤ ਦਾ ਦੋਸ਼ ਹੈ ਕਿ ਜਦੋਂ ਉਹ ਚਾਰ ਮਹੀਨੇ ਰਸਤੇ ਵਿੱਚ ਫਸਿਆ ਰਿਹਾ ਤਾਂ ਉਸ ਨੇ ਏਜੰਟਾਂ ਨੂੰ ਭਾਰਤ ਵਾਪਸ ਭੇਜਣ ਦੀ ਗੱਲ ਕੀਤੀ।ਇਸ ’ਤੇ ਏਜੰਟਾਂ ਨੇ ਆਡੀਓ ਸੁਨੇਹਾ ਭੇਜ ਕੇ ਕਿਹਾ ਕਿ ਹੁਣ ਤਾਂ ਜਾਣਾ ਹੀ ਪਵੇਗਾ, ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਮੁਲਜ਼ਮ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਸਾਰੀ ਰਕਮ ਲੈ ਗਏ ਸਨ। ਉਸ ਨੇ ਇਸ ਸਬੰਧੀ ਸਾਰੇ ਸਬੂਤ ਪੁਲਿਸ ਨੂੰ ਸੌਂਪ ਦਿੱਤੇ ਹਨ। ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 143, 316 (2), 318 (4) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਤਰਨਵੀਰ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਹੁਣ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
