ਝਬਾਲ, 18 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਸਰਹੱਦ ਨਾਲ ਲੱਗਦੇ ਪਿੰਡ ਰਸੂਲਪੁਰ (ਥਾਣਾ ਸਰਾਏ ਅਮਾਨਤ ਖਾਂ) ਵਿੱਚ ਲੰਘੀ ਰਾਤ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਮੌਜੂਦਾ ਸਰਪੰਚ ਬੀਬੀ ਹਰਪ੍ਰੀਤ ਕੌਰ ਦੇ ਘਰ ਦੇ ਬਾਹਰੀ ਦਰਵਾਜ਼ੇ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਚਲਾਈਆਂ ਗਈਆਂ।
ਸਰਪੰਚ ਦੇ ਪਤੀ ਤੇਜਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਘਟਨਾ ਦੌਰਾਨ ਪੂਰਾ ਪਰਿਵਾਰ ਘਰ ਵਿੱਚ ਸੌਂ ਰਿਹਾ ਸੀ। ਉਨ੍ਹਾਂ ਅਨੁਸਾਰ, ਮੋਟਰਸਾਈਕਲ ’ਤੇ ਆਏ ਹਮਲਾਵਰਾਂ ਨੇ ਘਰ ਦੇ ਗੇਟ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਵਿਚੋਂ ਇੱਕ ਗੋਲ਼ੀ ਦਰਵਾਜ਼ੇ ਤੇ ਦੂਜੀ ਕੰਧ ’ਚ ਲੱਗੀ।ਇਹ ਸਾਰੀ ਘਟਨਾ ਘਰ ਦੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਗੋਲ਼ੀਆਂ ਚਲਾਉਣ ਤੋਂ ਬਾਅਦ ਹਮਲਾਵਰ ਮੋਟਰਸਾਈਕਲ ’ਤੇ ਫਰਾਰ ਹੋ ਗਏ।
ਸੂਚਨਾ ਮਿਲਦੇ ਹੀ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁੱਟੇਜ਼ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮੌਕੇ ਤੋਂ ਮਿਲੇ ਖੋਲ੍ਹ ਪੁਲਿਸ ਨੇ ਕਬਜ਼ੇ ’ਚ ਲੈ ਲਏ ਹਨ।
