ਟੋਰਾਂਟੋ, 18 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ‘ਚ 18 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਹਾਜ਼ ‘ਚ 76 ਯਾਤਰੀ ਅਤੇ 4 ਕਰੂ ਮੈਂਬਰ ਸਵਾਰ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਜਹਾਜ਼ ਅਮਰੀਕਾ ਦੇ ਮਿਨੀਆਪੋਲਿਸ ਤੋਂ ਟੋਰਾਂਟੋ ਆ ਰਿਹਾ ਸੀ। ਫਲੈਪ ਐਕਚੂਏਟਰ ਫੇਲ (FAF) ਕਾਰਨ ਜਹਾਜ਼ ਅਚਾਨਕ ਪਲਟ ਗਿਆ। ਯਾਨੀ ਕਿ ਲੈਂਡਿੰਗ ਦੌਰਾਨ ਜਹਾਜ਼ ਦੇ ਖੰਭਾਂ ‘ਤੇ ਲੱਗੇ ਫਲੈਪ ਠੀਕ ਤਰ੍ਹਾਂ ਕੰਮ ਨਹੀਂ ਕਰ ਸਕੇ।
ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਟੋਰਾਂਟੋ ‘ਚ ਤੇਜ਼ ਬਰਫੀਲਾ ਤੂਫਾਨ ਚੱਲ ਰਿਹਾ ਸੀ। ਕੈਨੇਡਾ ਦੇ ਮੌਸਮ ਵਿਭਾਗ ਮੁਤਾਬਕ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਸ ਕਾਰਨ ਜਹਾਜ਼ ਪਲਟ ਗਿਆ। ਹਾਲਾਂਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
