ਸਿੱਖਿਆ ਸੁਧਾਰਾਂ ਦੇ ਦਾਅਵੇ ਖੋਖਲੇ,ਦਿੱਲੀ ਮਾਡਲ ਫੇਲ
ਚੰਡੀਗੜ੍ਹ 18 ਫਰਵਰੀ ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੱਡੀ ਪੱਧਰ ਤੇ ਪ੍ਰਿੰਸੀਪਲ ਅਤੇ ਅਧਿਆਪਨ ਅਮਲੇ ਦੀਆਂ ਅਸਾਮੀਆਂ ਖ਼ਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਸਿੱਖਿਆ ਅਤੇ ਸਰਵਪਖੀ ਵਿਕਾਸ ਦਾ ਹਰਜਾ ਹੋ ਰਿਹਾ ਹੈ |ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵੱਲੋਂ ਸਮੇਂ ਸਮੇਂ ਤੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਸ੍ਰੀ ਕੇ ਕੇ ਯਾਦਵ ਜੀ ਨਾਲ਼ ਬੈਠਕਾਂ ਕਰਕੇ ਇਸ ਮੁੱਦੇ ਵੱਲ ਧਿਆਨ ਦਵਾਇਆ ਪਰ ਸਿੱਖਿਆ ਸੁਧਾਰ ਦੇ ਨਾਮ ਹੇਠ ਹਮੇਸ਼ਾਂ ਗੋਂਗਲੂਆ ਤੋਂ ਮਿੱਟੀ ਹੀ ਝਾੜੀ ਗਈ|ਅੱਜ ਜਦੋਂ ਪੰਜਾਬ ਵਿੱਚ 860 ਦੇ ਕਰੀਬ ਸਕੂਲ ਪ੍ਰਿੰਸੀਪਲ ਤੋਂ ਖ਼ਾਲੀ ਹਨ ਉਸ ਵਕਤ ਵੀ ਸਿੱਖਿਆ ਵਿਭਾਗ ਦਾ ਪ੍ਰਮੋਸ਼ਨ ਸੈੱਲ ਤੇ ਉੱਚ ਅਧਿਕਾਰੀ ਯੋਗ, ਮਿਹਨਤੀ ਤੇ ਤਜ਼ਰਬੇਕਾਰ ਲੈਕਚਰਾਰਾ ਦੀ ਤਰੱਕੀ ਪ੍ਰਤੀ ਸੁਹਿਰਦ ਨਹੀਂ ਹੈ |ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਲੁਧਿਆਣਾ, ਮੋਗਾ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਵੱਖ ਵੱਖ ਲੈਕਚਰਾਰ ਸਾਥੀਆਂ ਨਾਲ਼ ਮੁਲਾਕਾਤ ਕੀਤੀ ਜਿਸ ਤੋਂ ਸਾਹਮਣੇ ਆਇਆ ਕਿ ਸਮੁੱਚੇ ਕਾਡਰ ਵਿੱਚ ਸੀਨੀਅਰਤਾ, ਤਰੱਕੀ ਲਈ ਕੋਟਾ 75/25 ਕਰਨ ਅਤੇ ਤਰੱਕੀਆਂ ਨਾ ਹੋਣ ਕਾਰਨ ਵੱਡੀ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ|ਉਹਨਾਂ ਦੱਸਿਆ ਕਿ ਇਸ ਫੇਰੀ ਦੌਰਾਨ ਯੂਨੀਅਨ ਦੇ ਅਧੀਨ ਪ੍ਰਮੋਸ਼ਨ ਫਰੰਟ ਬਣਾਉਣ ਤੇ ਅਗਲੀ ਰਣਨੀਤੀ ਤਹਿ ਕਰਨ ਤੇ ਵਿਚਾਰਾਂ ਵੀ ਕੀਤੀਆਂ ਗਈਆਂ|ਇਸ ਤੇ ਚਰਚਾ ਕਰਦਿਆਂ ਸੂਬਾ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਸਿੱਖਆ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਦੇ ਧਿਆਨ ਵਿੱਚ ਇਸ ਮੁੱਦੇ ਦੀ ਗੰਭੀਰਤਾ ਨੂੰ ਲਿਆਉਣ ਲਈ ਬੈਠਕ ਲਈ ਈ ਮੇਲ ਅਤੇ ਹੋਰ ਜਾਣਕਾਰਾ ਰਾਹੀਂ ਸਮਾਂ ਮੰਗਿਆ ਗਿਆ ਹੈ|ਉਹਨਾਂ ਮਾਨਯੋਗ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈੰਸ ਤੇ ਪ੍ਰਧਾਨ ਸ੍ਰੀ ਅਮਨ ਅਰੋੜਾ ਪਾਸੋਂ ਬੈਠਕ ਲਈ ਸਮਾਂ ਦੇਣ ਦੀ ਮੰਗ ਕੀਤੀ| ਉਹਨਾਂ ਦੱਸਿਆ ਕਿ ਇਸ ਫੇਰੀ ਦੌਰਾਨ ਸ੍ਰੀ ਜਤਿੰਦਰ ਕੁਮਾਰ ਸਮਰਾਲਾ, ਸ੍ਰੀ ਅਰੁਣ ਕੁਮਾਰ, ਸ੍ਰੀਮਤੀ ਮਨਿੰਦਰ ਕੌਰ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਸਕੱਤਰ ਮੋਗਾ ਸ. ਦਿਲਬਾਗ ਸਿੰਘ, ਵਿਵੇਕ ਕੁਮਾਰ ਪ੍ਰਧਾਨ ਫਰੀਦਕੋਟ, ਗੁਰਮੀਤ ਸਿੰਘ ਫਰੀਦਕੋਟ ਅਤੇ ਇਹਨਾਂ ਜ਼ਿਲ੍ਹਿਆਂ ਦੇ ਕਈ ਸਕੂਲਾਂ ਦੇ ਲੈਕਚਰਾਰ ਸਾਥੀਆਂ ਨਾਲ਼ ਮੁਲਾਕਾਤ ਕੀਤੀ ਗਈ