ਸਮਾਣਾ, 17 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਭਾਰਤ ਅਤੇ ਪੰਜਾਬ ਸਰਕਾਰ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਨੌਜਵਾਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਤਾਂ ਕਿ ਲੱਖਾਂ ਰੁਪਏ ਬਰਬਾਦ ਕਰਨ ਵਾਲੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚੁੱਲ੍ਹੇ ਵਿੱਚ ਅੱਗ ਬਲਦੀ ਰਹੇ। ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚੋਂ ਵਾਪਸ ਹੋਣ ਵਾਲੇ ਨੌਜਵਾਨਾਂ, ਬੀਬੀਆਂ ਅਤੇ ਬੱਚਿਆਂ ਨਾਲ ਸੰਕਟ ਦੀ ਘੜੀ ਵਿਚ ਖੜ੍ਹੇ ਹੋਣ ਦਾ ਵੇਲਾ ਹੈ। ਭਾਰਤ ਅਤੇ ਪੰਜਾਬ ਦੀ ਸਰਕਾਰ ਨੂੰ ਕੇਵਲ ਫੋਕੀ ਹਮਦਰਦੀ ਨਾਲ ਕੰਮ ਨਹੀਂ ਚਲਾਉਣਾ ਚਾਹੀਦਾ ਸਗੋਂ ਉਨ੍ਹਾਂ ਦੇ ਮੁੜ ਵਸੇਬੇ ਦੇ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ। ਅਮਰੀਕਾ ਤੋਂ ਪਰਤਣ ਵਾਲੇ ਲੋਕਾਂ ਦੀ ਬੇਹੱਦ ਮਾੜੀ ਹਾਲਤ ਹੋਈ ਪਈ ਹੈ। ਜ਼ਿਆਦਾਤਰ ਲੋਕ ਕਰਜ਼ਾ ਚੁੱਕ ਕੇ ਜਾਂ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਕਿ ਪੰਜਾਬ ਦੇ ਪਹਿਲਾਂ ਤੋਂ ਹੀ ਖ਼ਰਾਬ ਚੱਲ ਰਹੇ ਹਾਲਤ ਹੋਰ ਵੀ ਖ਼ਰਾਬ ਹੋ ਸਕਦੇ ਹਨ।
