ਬਠਿੰਡਾ, 17 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਬਠਿੰਡਾ ਦੇ ਥਾਣਾ ਨੇਹੀਆਂਵਾਲਾ ਦੇ ਅਧੀਨ ਆਉਂਦੇ ਇਲਾਕੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਮੇਨ ਰੋਡ ’ਤੇ ਬੀਤੀ ਰਾਤ ਇੱਕ ਅਰਟੀਗਾ ਗੱਡੀ ’ਚ ਸਵਾਰ ਲੁਟੇਰਿਆਂ ਨੇ ਇੱਕ ਐਨਆਰਆਈ ਮਹਿਲਾ ਤੇ ਪਰਿਵਾਰ ਤੋਂ ਲਗਭਗ 25 ਤੋਲੇ ਸੋਨਾ ਲੁੱਟ ਲਿਆ।ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਗੋਨਿਆਣਾ ਪੁਲਿਸ ਚੌਕੀ ਇੰਚਾਰਜ ਮੋਹਨਦੀਪ ਸਿੰਘ ਨੇ ਦੱਸਿਆ ਕਿ ਐਨਆਰਆਈ ਮਹਿਲਾ ਰਜਿੰਦਰ ਕੌਰ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਆਪਣੇ ਪਿੰਡ ਚੱਕ ਬਖ਼ਤੂ ਆਈ ਸੀ।ਉਨ੍ਹਾਂ ਦੱਸਿਆ ਕਿ ਮਹਿਲਾ ਦੇ ਭੂਆ ਦੇ ਪੁੱਤਰ ਦਾ ਵਿਆਹ ਜੈਤੋ ਰੋਡ ’ਤੇ ਬਣੇ ਇੱਕ ਪੈਲੇਸ ਵਿੱਚ ਸੀ। ਐਤਵਾਰ ਨੂੰ ਪੂਰੇ ਪਰਿਵਾਰ ਸਮੇਤ ਰਜਿੰਦਰ ਕੌਰ ਵਿਆਹ ਵਿੱਚ ਸ਼ਾਮਲ ਹੋਣ ਪਹੁੰਚੀ ਸੀ। ਪੁਲਿਸ ਚੌਕੀ ਇੰਚਾਰਜ ਨੇ ਦੱਸਿਆ ਕਿ ਜਦੋਂ ਮਹਿਲਾ ਰਾਤ ਕਰੀਬ ਸਾਡੇ ਗਿਆਰਾਂ ਵਜੇ ਵਿਆਹ ਤੋਂ ਵਾਪਸ ਜਾ ਰਹੀ ਸੀ, ਤਾਂ ਅਚਾਨਕ ਗੱਡੀ ’ਚ ਬੈਠੇ ਬੱਚੇ ਨੂੰ ਉਲਟੀ ਆਉਣ ਲੱਗੀ। ਮਹਿਲਾ ਨੇ ਗੱਡੀ ਰੁਕਵਾਈ ਤੇ ਬੱਚੇ ਨੂੰ ਉਲਟੀ ਕਰਵਾ ਰਹੀ ਸੀ, ਉਸੇ ਦੌਰਾਨ ਇੱਕ ਅਰਟੀਗਾ ਗੱਡੀ ਪਿੱਛੋਂ ਆਈ, ਜਿਸ ਵਿੱਚ ਬੈਠੇ ਵਿਅਕਤੀ ਹਥਿਆਰ ਲੈ ਕੇ ਬਾਹਰ ਨਿਕਲੇ ਅਤੇ ਐਨਆਰਆਈ ਮਹਿਲਾ ਤੇ ਪਰਿਵਾਰ ਤੋਂ ਲਗਭਗ 25 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।
ਪੁਲਿਸ ਚੌਕੀ ਇੰਚਾਰਜ ਨੇ ਦੱਸਿਆ ਕਿ ਪੀੜਤ ਐਨਆਰਆਈ ਮਹਿਲਾ ਰਜਿੰਦਰ ਕੌਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
