ਮੋਰਿੰਡਾ,17, ਫਰਵਰੀ,ਬੋਲੇ ਪੰਜਾਬ ਬਿਊਰੋ :
ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸਬੰਧਤ ਇਫਟੂ ਬਲਾਕ ਮੋਰਿੰਡਾ ਦੀ ਮੀਟਿੰਗ ਪ੍ਰਧਾਨ ਮਿਸਤਰੀ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਲੇਬਰ ਚੌਂਕ ਮੋਰਿੰਡਾ ਵਿਖੇ ਹੋਈ । ਮੀਟਿੰਗ ਵਿੱਚ ਸ਼ਾਮਿਲ ਮਿਸਤਰੀਆਂ ਤੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਤਰਸੇਮ ਜੱਟਪੁਰਾ ਨੇ ਦੱਸਿਆ ਕਿ ਨੇ ਦੱਸਿਆ ਕਿ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਵੱਲੋਂ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ 4 ਮਾਰਚ ਨੂੰ ਕਿਰਤ ਕਮਿਸ਼ਨਰ ਪੰਜਾਬ ਦੇ ਚੰਡੀਗੜ੍ਹ ਦਫ਼ਤਰ ਮੋਹਾਲੀ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲੇ ਮਜ਼ਦੂਰ ਪੱਖੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਉਨ੍ਹਾਂ ਦੀ ਥਾਂ ਮਜਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਚਾਰ ਕਿਰਤ ਕੋਡ ਲੈ ਆਂਦੇ ਹਨ, ਜਿਨ੍ਹਾਂ ਨੂੰ ਮੋਦੀ ਸਰਕਾਰ ਇਸ ਵਰ੍ਹੇ ਦੇ ਅਪਰੈਲ ਮਹੀਨੇ ਦੌਰਾਨ ਦੇਸ਼ ਭਰ ਵਿੱਚ ਲਾਗੂ ਕਰਨ ਜਾ ਰਹੀ ਹੈ। ਇਨ੍ਹਾਂ ਚਾਰ ਕਿਰਤ ਕੋਡਜ਼ ਦੇ ਲਾਗੂ ਹੋਣ ਨਾਲ ਬਿਲਡਿੰਗ ਐਂਡ ਅਦਰਜ਼ ਕੰਸਟਰਕਸ਼ਨ (ਬੀ.ਓ.ਸੀ) ਨਾਲ ਜੁੜੇ ਕਿਰਤੀਆਂ ਦੀਆਂ ਸਾਰੀਆਂ ਭਲਾਈ ਸਕੀਮਾਂ ਬੰਦ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਿਰਤ ਕਾਨੂੰਨਾਂ ਦਾ ਮਾਮਲਾ ਸਮਵਰਤੀ ਸੂਚੀ ਦਾ ਮਾਮਲਾ ਹੈ , ਇਸ ਲਈ ਪੰਜਾਬ ਸਰਕਾਰ ਇਨ੍ਹਾਂ ਚਾਰ ਕਿਰਤ ਕੋਡਾਂ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਮਤਾ ਲਿਆਕੇ ਇਨ੍ਹਾਂ ਨੂੰ ਰੱਦ ਕਰੇ,ਕਿਉਂਕਿ ਇਹ ਕਿਰਤ ਕੋਡ ਕਿਰਤੀਆਂ ਦੇ ਬੁਨਿਆਦੀ ਅਧਿਕਾਰਾਂ ਉੱਤੇ ਘਾਤਕ ਹਮਲਾ ਹਨ । ਮੀਟਿੰਗ ਨੂੰ ਡੀਐਮਐਫ ਦੇ ਜ਼ਿਲ੍ਹਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਲਿਆਂਦੇ ਜਾ ਰਹੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰਾਂ ਨੂੰ ਜਥੇਬੰਦ ਹੋਣ, ਸੰਘਰਸ਼ ਕਰਨ ਦੇ ਸੰਵਿਧਾਨਿਕ ਹੱਕਾਂ ਤੋਂ ਵੀ ਵਾਂਝੇ ਕੀਤਾ ਜਾਵੇਗਾ, ਡੀਐਮਐਫ ਵੱਲੋਂ ਮਜ਼ਦੂਰਾਂ ਦੇ ਧਰਨੇ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਅੱਜ ਦੀ ਮੀਟਿੰਗ ਵਿੱਚ ਕਰਮਜੀਤ ਸਿੰਘ ਮੁੰਡੀਆ ,ਰੁਪਿੰਦਰ ਸਿੰਘ, ਸਰਬਣ ਸਿੰਘ, ਰਾਮਦਾਸ ਗੁਰਮੇਲ, ਜਸਮੇਰ ਸਿੰਘ, ਨਿਰਮਲ ਸਿੰਘ ,ਪ੍ਰਕਾਸ਼ ਸਿੰਘ ਫੌਜੀ, ਅਮਰਜੀਤ ਸਿੰਘ, ਕਰਨ ਮਰਿੰਡਾ, ਕੇਸਰ ਸਿੰਘ, ਜਸਪਾਲ ਸਿੰਘ ਚਲਾਕੀ ਆਦਿ ਆਗੂ ਹਾਜਰ ਸਨ।
