ਚੰਡੀਗੜ੍ਹ, 15 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਨੇ ਇੱਕ ਵਾਰ ਫਿਰ ਗ਼ੈਰਕਾਨੂੰਨੀ ਤਰੀਕੇ ਨਾਲ ਗਏ ਭਾਰਤੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। 15 ਅਤੇ 16 ਫਰਵਰੀ ਨੂੰ 276 ਭਾਰਤੀਆਂ ਨੂੰ ਲੈ ਕੇ ਯੂ.ਐਸ. ਫ਼ੌਜ ਦੇ ਦੋ ਵਿਸ਼ੇਸ਼ ਜਹਾਜ਼ ਅੰਮ੍ਰਿਤਸਰ ਪਹੁੰਚਣਗੇ।
ਪਿਛਲੇ ਦਿਨੀਂ ਵੀ 104 ਭਾਰਤੀਆਂ ਦੀ ਉਡਾਨ ਇਥੇ ਉਤਰੀ ਸੀ, ਜਿਸ ਕਾਰਨ ਪੰਜਾਬ ’ਚ ਕਾਫ਼ੀ ਰੋਸ ਦੇਖਣ ਨੂੰ ਮਿਲਿਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਖ਼ੁਦ ਅੰਮ੍ਰਿਤਸਰ ਹਵਾਈ ਅੱਡੇ ’ਤੇ ਮੌਜੂਦ ਰਹਿਣਗੇ ਅਤੇ ਵਾਪਸ ਆ ਰਹੇ ਭਾਰਤੀਆਂ ਨਾਲ ਮੁਲਾਕਾਤ ਕਰਨਗੇ।
ਮਿਲੀ ਜਾਣਕਾਰੀ ਮੁਤਾਬਕ, 15 ਫਰਵਰੀ ਨੂੰ ਆਉਣ ਵਾਲੀ ਪਹਿਲੀ ਉਡਾਨ ’ਚ 119 ਭਾਰਤੀ ਹੋਣਗੇ, ਜਿਨ੍ਹਾਂ ਵਿੱਚ 67 ਪੰਜਾਬੀ ਅਤੇ 33 ਹਰਿਆਣਾ ਵਾਸੀ ਹਨ। ਦੂਜੀ ਉਡਾਨ, ਜੋ 16 ਫਰਵਰੀ ਨੂੰ ਆਵੇਗੀ, ਉਸ ਵਿੱਚ 157 ਭਾਰਤੀ ਹੋਣਗੇ, ਜਿਨ੍ਹਾਂ ਵਿੱਚ 20 ਪੰਜਾਬੀ ਵੀ ਸ਼ਾਮਲ ਹਨ।
ਇਹ ਮਾਮਲਾ ਪੰਜਾਬ ’ਚ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨੌਜਵਾਨਾਂ ਦੀ ਵਧ ਰਹੀ ਵਿਦੇਸ਼ ਜਾਣ ਦੀ ਲਹਿਰ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਬਾਹਰ ਵਸਣ ਦੀ ਕੋਸ਼ਿਸ਼ ’ਤੇ ਨਵੇਂ ਸਵਾਲ ਖੜ੍ਹ ਹੋ ਰਹੇ ਹਨ।
