ਨਵੀਂ ਦਿੱਲੀ, 15 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2008 ’ਚ ਮੁੰਬਈ ’ਤੇ ਹੋਏ ਅੱਤਵਾਦੀ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਫੌਰੀ ਭਾਰਤ ਹਵਾਲੇ ਕਰਨ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਹੋਰ ਲੋਕਾਂ ਨੂੰ ਵੀ ਹਵਾਲਗੀ ਕੀਤੀ ਜਾਏਗੀ। ਸਵਾਲ ਇਹ ਹੈ ਕਿ ਹੋਰ ਲੋਕਾਂ ’ਚ ਕਿਹੜੇ-ਕਿਹੜੇ ਨਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਭਾਰਤ ਨੇ 10 ਭਗੋੜੇ ਅੱਤਵਾਦੀਆਂ ਤੇ ਅਪਰਾਧੀਆਂ ਦੀ ਸੂਚੀ ਅਮਰੀਕਾ ਨੂੰ ਸੌਂਪੀ ਹੈ ਜਿਨ੍ਹਾਂ ’ਚ ਗੈਂਗਸਟਰ ਗੋਲਡੀ ਬਰਾੜ ਤੇ ਅਨਮੋਲ ਬਿਸ਼ਨੋਈ ਦੇ ਨਾਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਦੇ ਨਾਲ ਬੈਠਕ ਦੇ ਬਾਅਦ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਹਿੰਸਕ ਆਦਮੀ (ਤਹੱਵੁਰ ਰਾਣਾ) ਨੂੰ ਤਤਕਾਲ ਭਾਰਤ ਨੂੰ ਦੇ ਰਹੇ ਹਾਂ। ਇਸ ਦੇ ਬਾਅਦ ਕਈ ਹੋਰ ਦੀ ਹਵਾਲਗੀ ਹੋਵੇਗੀ ਕਿਉਂਕਿ ਸਾਡੇ ਕੋਲ ਕੁਝ ਅਰਜ਼ੀਆਂ ਹਨ। ਅਪਰਾਧਾਂ ਦੇ ਖ਼ਿਲਾਫ਼ ਅਸੀਂ ਭਾਰਤ ਨਾਲ ਕੰਮ ਕਰ ਰਹੇ ਹਾਂ ਤੇ ਭਾਰਤ ਲਈ ਚੀਜ਼ਾਂ ਬਿਹਤਰ ਕਰਨੀਆਂ ਚਾਹੁੰਦੇ ਹਾਂ। ਇਸ ਸਬੰਧ ’ਚ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਹਵਾਲਗੀ ਨੂੰ ਲੈ ਕੇ ਹੋਰ ਅਪੀਲਾਂ ਵੀ ਹਨ। ਮੈਂ ਤਤਕਾਲ ਨਾਂ ਤਾਂ ਨਹੀਂ ਦੱਸਾਂਗਾ ਪਰ ਅਮਰੀਕੀ ਅਧਿਕਾਰੀਆਂ ਕੋਲ ਕਈ ਹੋਰ ਅਪੀਲਾਂ ਵੀ ਰਜਿਸਟਰਡ ਹਨ। ਵਿਕਰਮ ਮਿਸਰੀ ਨੇ ਭਾਵੇਂ ਨਾਂ ਨਹੀਂ ਦੱਸੇ ਪਰ ਭਾਰਤ ’ਚ ਲੁੜੀਂਦਾ ਹਰ ਤੀਜਾ ਭਗੋੜਾ ਅਮਰੀਕਾ ’ਚ ਹੈ ਜਿਨ੍ਹਾਂ ’ਚ ਮੁੰਬਈ ਹਮਲੇ ਦਾ ਮੁੱਖ ਮੁਲਜ਼ਮ ਡੈਵਿਡ ਕੋਲਮੈਨ ਹੈਡਲੀ ਸ਼ਾਮਲ ਹੈ।
