ਬਰਨਾਲਾ, 15 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ, ਫਿਰੌਤੀ ਅਤੇ ਲੁੱਟ ਦੀਆਂ ਵਾਰਦਾਤਾਂ ਵਿੱਚ ਵਾਂਟਿਡ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਧਨੋਲਾ ਪੁਲਿਸ ਨੇ ਗਿਰਫ਼ਤਾਰ ਕਰ ਲਿਆ। ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਇੰਸਪੈਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਇੱਕ ਪਿਸਤੌਲ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਇਸ ਸੰਬੰਧੀ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਸਥਾਨ ’ਤੇ ਪਹੁੰਚੇ ਡੀ.ਐਸ.ਪੀ. ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਗਿਰਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ 23 ਸਾਲਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸਰਬਦੇਵ ਸਿੰਘ, ਨਿਵਾਸੀ ਸੈਲਬਰਾ (ਜ਼ਿਲ੍ਹਾ ਬਠਿੰਡਾ) ਤੋਂ ਇਲਾਵਾ 22 ਸਾਲਾ ਗਗਨਦੀਪ ਸਿੰਘ ਉਰਫ਼ ਮੋੜ ਪੁੱਤਰ ਸੁਰਜੀਤ ਸਿੰਘ, ਨਿਵਾਸੀ ਭਗਤਾ ਭਾਈ ਕਾ ਸ਼ਾਮਲ ਹੈ। ਇਸ ਤੋਂ ਇਲਾਵਾ, ਪੁਲਿਸ ਨੇ 2 ਹੋਰ ਔਰਤਾਂ ਸੁਖਮਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੂੰ ਵੀ ਹਿਰਾਸਤ ਵਿੱਚ ਲਿਆ ਹੈ।
