ਆਉਣ ਵਾਲੇ ਦਿਨਾਂ ਵਿੱਚ ਛੱਤ ਲਾਈਟ, ਏਅਰਪੋਰਟ ਚੌਕ ਅਤੇ ਜ਼ੀਰਕਪੁਰ ਵਿੱਚ ਵੀ ਅਜਿਹੇ ਬੀਟ ਬਾਕਸ ਹੋਣਗੇ
ਐਸ.ਏ.ਐਸ.ਨਗਰ, 15 ਫਰਵਰੀ, ,ਬੋਲੇ ਪੰਜਾਬ ਬਿਊਰੋ :
ਪਰੰਪਰਾਗਤ ਪੁਲਿਸ ਬੀਟ ਬਾਕਸ ਨੂੰ ਮਾਡਰਨ ਬੀਟ ਬਾਕਸ ਨਾਲ ਤਬਦੀਲ ਕਰਨ ਦੀ ਆਪਣੀ ਕੋਸ਼ਿਸ਼ ਤਹਿਤ ਐਸ ਐਸ ਪੀ ਦੀਪਕ ਪਾਰੀਕ ਨੇ ਸ਼ਨੀਵਾਰ ਨੂੰ ਐਸ ਪੀ (ਹੈੱਡਕੁਆਰਟਰ) ਹਰਿੰਦਰ ਸਿੰਘ ਮਾਨ ਅਤੇ ਡੀ ਐਸ ਪੀ (ਟਰੈਫਿਕ) ਕਰਨੈਲ ਸਿੰਘ ਦੀ ਮੌਜੂਦਗੀ ਵਿੱਚ ਏਅਰਪੋਰਟ ਰੋਡ ਵਿਖੇ ਮਾਡਰਨ ਪੁਲਿਸ ਬੀਟ ਬਾਕਸ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਇਨ੍ਹਾਂ ਬੀਟ ਬਾਕਸਾਂ ਨੂੰ ਸੀ ਸੀ ਟੀ ਵੀ ਕੈਮਰੇ ਅਤੇ ਫਲੈਸ਼ਿੰਗ ਲਾਈਟ ਅਤੇ ਪੁਲਿਸ ਤੱਕ ਪਹੁੰਚ ਵਿੱਚ ਅਸਾਨੀ, ਵਰਗੇ ਅੱਪਡੇਟ ਕੀਤੇ ਬੁਨਿਆਦੀ ਢਾਂਚੇ ਦੇ ਨਾਲ ਇੱਕ ਨਵਾਂ ਰੂਪ ਦੇਣਾ ਹੈ। ਇਸ ਤੋਂ ਇਲਾਵਾ ਇਹ ਬੀਟ ਬਾਕਸ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਵੀ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਬੀਟ ਬਾਕਸ ਨੂੰ ਜਲਦ ਹੀ ਰਨਿੰਗ ਐਲ.ਈ.ਡੀ. ਨਾਲ ਲੈਸ ਕੀਤਾ ਜਾਵੇਗਾ।
ਐਸ ਐਸ ਪੀ ਪਾਰੀਕ ਨੇ ਅੱਗੇ ਦੱਸਿਆ ਕਿ ਅੱਜ ਸਥਾਪਿਤ ਕੀਤਾ ਗਿਆ ਇਹ ਦੂਜਾ ਆਧੁਨਿਕ ਬੀਟ ਬਾਕਸ ਹੈ, ਇਸ ਤੋਂ ਕੁਝ ਦਿਨ ਪਹਿਲਾਂ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਵੱਲੋਂ ਮਾਜਰੀ ਵਿਖੇ ਜ਼ਿਲ੍ਹੇ ਦੇ ਪਹਿਲੇ ਮਾਡਰਨ ਬੀਟ ਬਾਕਸ ਦਾ ਉਦਘਾਟਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਲਦੀ ਹੀ ਅਜਿਹੇ ਆਧੁਨਿਕ ਬੀਟ ਬਾਕਸ ਛੱਤ ਲਾਈਟਾਂ, ਏਅਰਪੋਰਟ ਚੌਕ ਅਤੇ ਜ਼ੀਰਕਪੁਰ ਵਿਖੇ ਨਵੀਂ ਦਿੱਖ ਨਾਲ ਆਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੀਟ ਬਾਕਸਾਂ ‘ਤੇ ਲੱਗੇ ਸੀ ਸੀ ਟੀ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਦੇ ਨਾਲ-ਨਾਲ ਦੁਰਘਟਨਾਵਾਂ ਦੇ ਮਾਮਲਿਆਂ ਨੂੰ ਨਜਿੱਠਣ ਅਤੇ ਮਾੜੇ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖਣ ਵਿੱਚ ਸਹਾਈ ਹੋਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਪੁਲਿਸ ਨਿਗਰਾਨੀ ਵਧਾਉਣ ਲਈ ਸਮੁੱਚੇ ਮੁਹਾਲੀ ਵਿੱਚ ਅਜਿਹੇ ਬੂਥ ਕਾਇਮ ਕੀਤੇ ਜਾਣਗੇ।