ਅੰਮ੍ਰਿਤਸਰ, 15 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਨਰਾਇਣ ਸਿੰਘ ਚੌੜਾ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਕੋਤਵਾਲੀ ਥਾਣੇ ਦੀ ਪੁਲਿਸ ਵੱਲੋਂ ਚਲਾਨ ’ਚ ਦੱਸਿਆ ਗਿਆ ਹੈ ਕਿ 4 ਦਸੰਬਰ, 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਸੁਣਾਏ ਜਾਣ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਵ੍ਹੀਲ ਚੇਅਰ ’ਤੇ ਬੈਠੇ ਸਨ। ਇਸੇ ਦੌਰਾਨ ਨਰਾਇਣ ਸਿੰਘ ਚੌੜਾ ਮੌਕਾ ਦੇਖ ਕੇ ਉਨ੍ਹਾਂ ਕੋਲ ਪੁੱਜ ਗਿਆ ਅਤੇ ਆਪਣੀ ਡੱਬ ’ਚੋਂ ਚੀਨ ਦਾ ਬਣਿਆ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ।
ਮੌਕੇ ’ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਇਸ ਦੌਰਾਨ ਉਸ ਦਾ ਨਿਸ਼ਾਨਾ ਖੁੰਝ ਗਿਆ। ਸਾਬਕਾ ਉਪ ਮੁੱਖ ਮੰਤਰੀ ਕਿਸੇ ਤਰ੍ਹਾਂ ਬਚ ਗਏ। ਪੁਲਿਸ ਨੇ ਨਰਾਇਣ ਸਿੰਘ ਕੋਲੋਂ ਪਿਸਤੌਲ, ਛੇ ਕਾਰਤੂਸ ਅਤੇ ਘਟਨਾ ਸਥਾਨ ’ਤੇ ਡਿੱਗੇ ਇਕ ਖੋਲ ਨੂੰ ਬਰਾਮਦ ਕਰ ਲਿਆ ਸੀ।
