ਲੁਧਿਆਣਾ, 14 ਫਰਵਰੀ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਲਕਸ਼ਮੀ ਨਗਰ ਵਿੱਚ ਕਲੀਨਿਕ ਚਲਾਉਣ ਵਾਲੇ ਡਾਕਟਰ ਬੀਰ ਚੰਦ ’ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਡਾਕਟਰ ਬੀਰ ਚੰਦ ਨੂੰ ਗੰਭੀਰ ਚੋਟਾਂ ਲੱਗੀਆਂ ਹਨ। ਹਮਲਾਵਰਾਂ ਨੇ ਉਹਨਾਂ ਨੂੰ ਕੇਸ ਵਾਪਸ ਨਾ ਲੈਣ ’ਤੇ ਮੌਤ ਦੀ ਧਮਕੀ ਦਿੱਤੀ।
ਪੀੜਤ ਮੁਤਾਬਕ ਹਮਲਾਵਰ ਮਰੀਜ਼ ਬਣਕੇ ਕਲੀਨਿਕ ਵਿੱਚ ਆਏ। ਉਨ੍ਹਾਂ ਨੇ ਪਹਿਲਾਂ ਟੀਕਾ ਲਗਵਾਇਆ ਤੇ ਜਦੋਂ ਡਾਕਟਰ ਦਵਾਈ ਲੈਣ ਗਏ, ਉਹਨਾਂ ਉੱਤੇ ਅਚਾਨਕ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਡਾਕਟਰ ਨੂੰ ਆਪਣੀ ਪਤਨੀ ਅਤੇ ਬੇਟੀ ਨਾਲ ਜੁੜੇ ਕੇਸ ਨੂੰ ਵਾਪਸ ਲੈਣ ਲਈ ਧਮਕਾਇਆ।
ਥਾਣਾ ਹੈਬੋਵਾਲ ਦੇ ਤਫਤੀਸ਼ੀ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੀਰ ਚੰਦ ਦੇ ਬਿਆਨ ’ਤੇ ਅਣਪਛਾਤੇ ਹਮਲਾਵਰਾਂ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਹ ਦਿਆਨੰਦ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
