ਮੋਹਾਲੀ, 14 ਫਰਵਰੀ ,ਬੋਲੇ ਪੰਜਾਬ ਬਿਊਰੋ :
ਖਾਲਸਾ ਕਾਲਜ (ਅੰਮ੍ਰਿਤਸਰ) ਆਫ ਟੈਕਨੋਲੋਜੀ ਐਂਡ ਬਿਜ਼ਨਸ ਸਟਡੀਜ਼, ਫੇਜ਼ 3ਏ, ਮੋਹਾਲੀ ਵਿੱਚ ਕਾਲਜ ਦੀ ਪ੍ਰਿੰਸਿਪਲ ਡਾ. ਹਰੀਸ਼ ਕੁਮਾਰੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਮਾਤਾ-ਪਿਤਾ ਪੂਜਨ ਦਿਵਸ ਵੱਡੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ। ਇਹ ਵਿਸ਼ੇਸ਼ ਦਿਨ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਸਮਰਪਿਤ ਸੀ, ਜਿਨ੍ਹਾਂ ਦੀ ਆਦਰ-ਸਤਿਕਾਰ ਅਤੇ ਕਦਰ-ਮਾਨ ਵਧਾਉਣ ਲਈ ਕਾਲਜ ਪ੍ਰਸ਼ਾਸਨ ਵਲੋਂ ਇਹ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਦੀਵੇ ਜਲਾਉਣ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਮਾਤਾ-ਪਿਤਾ ਦੇ ਨਾਲ ਰੈਂਪ ਵਾਕ ਵੀ ਕੀਤੀ। ਵਿਦਿਆਰਥੀਆਂ ਨੇ ਮਾਈਮ ਪ੍ਰਸਤੁਤੀ ਰਾਹੀਂ ਆਪਣੇ ਮਾਤਾ-ਪਿਤਾ ਪ੍ਰਤੀ ਭਾਵਨਾਵਾਂ ਨੂੰ ਪ੍ਰਗਟ ਕੀਤਾ, ਜੋ ਕਿ ਹਾਜ਼ਰ ਦਰਸ਼ਕਾਂ ਨੂੰ ਭਾਵੁਕ ਕਰ ਦਿਤਾ।

ਇਸ ਮੌਕੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਨਾਚ, ਗਾਣੇ ਅਤੇ ਕਵਿਤਾ ਪਾਠ ਵਾਂਗ ਵੱਖ-ਵੱਖ ਮੁਕਾਬਲਿਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਕ ਪ੍ਰੇਰਣਾਦਾਇਕ ਅਤੇ ਭਾਵਨਾਤਮਕ ਲਘੂ ਫਿਲਮ ਵੀ ਵਿਦਿਆਰਥੀਆਂ ਨੂੰ ਵਿਖਾਈ ਗਈ।
ਕਾਲਜ ਦੀ ਪ੍ਰਿੰਸਿਪਲ ਡਾ. ਹਰੀਸ਼ ਕੁਮਾਰੀ ਨੇ ਇਸ ਮੌਕੇ ਕਿਹਾ ਕਿ ਮਾਤਾ-ਪਿਤਾ ਸਾਡੇ ਜੀਵਨ ਦੇ ਪਹਿਲੇ ਗੁਰੂ ਹੁੰਦੇ ਹਨ, ਜਿਨ੍ਹਾਂ ਦੇ ਸੰਸਕਾਰ ਸਾਨੂੰ ਇੱਕ ਸਫਲ ਅਤੇ ਚੰਗਾ ਨਾਗਰਿਕ ਬਣਾਉਂਦੇ ਹਨ। ਮਾਤਾ-ਪਿਤਾ ਦਿਵਸ ਮਨਾਉਣ ਦਾ ਉਦੇਸ਼ ਵਿਦਿਆਰਥੀਆਂ ਵਿੱਚ ਆਪਣੇ ਮਾਤਾ-ਪਿਤਾ ਲਈ ਆਦਰ ਅਤੇ ਧੰਨਵਾਦ ਦੀ ਭਾਵਨਾ ਜਗਾਉਣਾ ਹੈ। ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਪਿਆਰ ਅਤੇ ਸਮਰਪਣ ਸਿਰਫ਼ ਇੱਕ ਦਿਨ ਲਈ ਨਹੀਂ, ਸਗੋਂ ਪੂਰੇ ਜੀਵਨ ਲਈ ਹੁੰਦਾ ਹੈ।
ਅਖੀਰ ਵਿੱਚ, ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।